ਭਵਾਨੀਗੜ( ਗੁਰਵਿੰਦਰ ਸਿੰਘ) ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਅੱਜ ਕਾਰਾਂ, ਮੋਟਰਸਾਈਕਲਾਂ ਦੇ ਵੱਡੇ ਕਾਫਲੇ ਨਾਲ ਰੋਡ ਸ਼ੋਅ ਕੱਢਿਆ ਗਿਆ। ਇਹ ਰੋਡ ਸ਼ੋਅ ਜ਼ਿਲ੍ਹਾ ਸੰਗਰੂਰ ਦੇ ਬਾਰਡਰ ਤੇ ਪੈਂਦੇ ਪਿੰਡ ਚੰਨੋਂ ਤੋੰ ਸ਼ੁਰੂ ਹੋ ਕੇ ਨਦਾਮਪੁਰ, ਭਵਾਨੀਗੜ, ਘਰਾਚੋਂ ਤੋਂ ਹੁੰਦਾ ਹੋਇਆ ਸੰਗਰੂਰ ਵੱਲ ਰਵਾਨਾ ਹੋ ਗਿਆ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਹ ਹਮੇਸ਼ਾ ਪੰਥ ਅਤੇ ਪੰਜਾਬ ਦੇ ਹਿੱਤਾਂ ਲਈ ਜੂਝਦੇ ਆ ਰਹੇ ਹਨ, ਇਸ ਕਾਜ ਤੋਂ ਉਸ ਨੂੰ ਸਰਕਾਰਾਂ ਦੇ ਜ਼ੁਲਮ ਅਤੇ ਪੰਥ ਦੇ ਦੋਖੀ ਕਦੇ ਪਿੱਛੇ ਨਹੀਂ ਹਟਾ ਸਕੇ। ਉੁਨ੍ਹਾਂ ਕਿਹਾ ਕਿ ਅੱਜ ਜਦੋਂ ਕਾਂਗਰਸ, ਭਾਜਪਾ ਅਤੇ ‘ਆਪ’ ਸਰਕਾਰਾਂ ਪੰਜਾਬ ਅਤੇ ਪੰਥ ਨੂੰ ਖਤਮ ਕਰਨ ’ਤੇ ਤੁਲੀਆਂ ਹੋਈਆਂ ਹਨ, ਤਾਂ ਬਾਦਲ ਦਲ ਪੰਥਕ ਏਕਤਾ ਵਿੱਚ ਤਰੇੜਾਂ ਖੜ੍ਹੀਆਂ ਕਰਕੇ ਕੇਂਦਰ ਦੇ ਪਿੱਠੂ ਹੋਣ ਦਾ ਰੋਲ ਨਿਭਾਅ ਰਿਹਾ ਹੈ। ਉਨ੍ਹਾਂ ਨੇ ਸੰਗਤ ਨੂੰ ਬਾਲਟੀ ਦੇ ਚੋਣ ਨਿਸ਼ਾਨ ਤੇ ਮੋਹਰਾਂ ਲਗਾ ਕੇ ਕਾਮਯਾਬ ਕਰਨ ਦੀ ਅਪੀਲ ਕੀਤੀ।