ਕਰਜੇ ਤੋ ਤੰਗ ਪਰੇਸ਼ਾਨ ਰਹਿੰਦੇ ਨੌਜਵਾਨ ਦਾ ਦੌਰਾ ਪੈਣ ਕਾਰਨ 22 ਸਾਲਾਂ ਨੌਜਵਾਨ ਦੀ ਹੋਈ ਮੌਤ

ਭਵਾਨੀਗੜ੍ਹ (ਗੁਰਵਿੰਦਰ ਸਿੰਘ): ਸਥਾਨਕ ਨੇੜਲੇ ਪਿੰਡ ਦਿਆਲਗੜ੍ਹ ਤੋਂ ਪਿੰਡ ਜੋਲੀਆਂ ਨੂੰ ਜਾਂਦੀ ਸੜਕ ਉਪਰ ਬਣੇ ਇਕ ਪਾਰਕ ’ਚੋਂ ਅੱਜ ਭੇਦਭਰੇ ਹਾਲਤ ਇਕ ਨੌਜਵਾਨ ਦੀ ’ਚ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੀ ਪਛਾਣ ਰਣਧੀਰ ਸਿੰਘ 22 ਸਾਲ ਪੁੱਤਰ ਨਾਇਬ ਸਿੰਘ ਵਾਸੀ ਪਿੰਡ ਰੇਤਗੜ੍ਹ ਦੇ ਤੌਰ ‘ਤੇ ਹੋਈ ਹੈ। ਪਿੰਡ ਵਾਸੀਆਂ ਵੱਲੋਂ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ ਤੇ ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਮ੍ਰਿਤਕ ਰਣਧੀਰ ਸਿੰਘ ਦੇ ਪਿਤਾ ਨਾਇਬ ਸਿੰਘ ਵਾਸੀ ਰੇਤਗੜ੍ਹ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਬਹੁਤ ਮੁਸ਼ਕਿਲ ਨਾਲ ਆਪਣੇ ਘਰ ਦਾ ਗੁਜਾਰਾ ਚਲਾਉਂਦਾ ਹੈ। ਉਨ੍ਹਾਂ ਦੱਸਿਆ ਕਿ ਵੱਡੀ ਲੜਕੀ ਦੇ ਵਿਆਹ ਤੇ ਛੋਟੀ ਲੜਕੀ ਜਿਸ ਦਾ ਅਜੇ ਵਿਆਹ ਨਹੀਂ ਹੋਇਆ ਦੀ ਪੜਾਈ ਉਪਰ ਜ਼ਿਆਦਾ ਖਰਚ ਹੋਣ ਕਾਰਨ ਉਨ੍ਹਾਂ ਦੇ ਸਿਰ 6-7 ਲੱਖ ਰੁਪਏ ਦਾ ਕਰਜ਼ਾ ਚੜ੍ਹ ਚੁੱਕਾ ਹੈ। ਕਰਜ਼ੇ ਦੇ ਭਾਰ ਕਾਰਨ ਪਿਛਲੇ ਕਾਫ਼ੀ ਸਮੇਂ ਤੋਂ ਰਣਧੀਰ ਮਾਨਸਿਕ ਤੌਰ ’ਤੇ ਬਹੁਤ ਪ੍ਰੇਸ਼ਾਨ ਰਹਿੰਦਾ ਸੀ। ਜੋ ਕਿ ਬੀਤੇ ਦਿਨੀਂ 16 ਜੁਲਾਈ ਨੂੰ ਘਰੋਂ ਕਿਸੇ ਕੰਮ ਜਾਣ ਲਈ ਕਹਿ ਕੇ ਮੋਟਰਸਾਈਕਲ ਲੈ ਕੇ ਚਲਾ ਗਿਆ ਪਰ ਦੇਰ ਰਾਤ ਤੱਕ ਘਰ ਵਾਪਿਸ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਪਰਿਵਾਰ ਵਾਲਿਆਂ ਵੱਲੋਂ ਕਾਫੀ ਤਲਾਸ਼ ਕੀਤੀ ਗਈ। ਸਾਰੀ ਰਾਤ ਭਾਲ ਕਰਨ ਤੋਂ ਬਾਅਦ ਅੱਜ ਸਵੇਰੇ ਉਸ ਦੇ ਬਾਰੇ ਪਤਾ ਲੱਗਾ। ਜਾਣਕਾਰੀ ਮੁਤਾਬਕ ਕਰਜ਼ੇ ਦੇ ਭਾਰ ਕਾਰਨ ਮਾਨਸਿਕ ਪ੍ਰੇਸ਼ਾਨ ਦੇ ਚਲਦਿਆਂ ਰਣਧੀਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ। ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪਿੰਡ ਦੇ ਸਰਪੰਚ ਗੁਰਮੀਤ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਗਰੀਬ ਪਰਿਵਾਰ ਦਾ ਕਰਜ਼ਾ ਮੁਆਫ਼ ਕੀਤਾ ਜਾਵੇ ਤੇ ਪਰਿਵਾਰ ਵਾਲਿਆਂ ਦੀ ਆਰਥਿਕ ਮਦਦ ਕੀਤੀ ਜਾਵੇ।