ਸੰਗਰੂਰ (ਮਾਲਵਾ ਬਿਊਰੋ) ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੰਗਰੂਰ-ਲੁਧਿਆਣਾ ਰੋਡ 'ਤੇ ਦੋ ਟੋਲ ਪਲਾਜ਼ੇ ਬੰਦ ਕਰਨ ਦਾ ਐਲਾਨ ਕੀਤਾ ਹੈ ਕਿਉਂ ਜੋ ਇਨ੍ਹਾਂ ਦੋਵਾਂ ਦੀ ਮਿਆਦ ਐਤਵਾਰ ਤੋਂ ਅੱਧੀ ਰਾਤ ਨੂੰ ਖਤਮ ਹੋਣ ਜਾ ਰਹੀ ਹੈ। ਮੁੱਖ ਮੰਤਰੀ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, “ਇਨ੍ਹਾਟੋਲ ਪਲਾਜ਼ਿਆਂ ਦੇ ਪ੍ਰਬੰਧਕ 20 ਮਹੀਨੇ ਦਾ ਵਾਧਾ ਜਾਂ 50 ਕਰੋੜ ਰੁਪਏ ਮੁਆਵਜ਼ੇ ਵਜੋਂ ਦੇਣ ਦੀ ਮੰਗ ਕਰ ਰਹੇ ਸਨ ਪਰ ਮੈਂ ਇਸ ਮੰਗ ਨੂੰ ਠੁਕਰਾ ਦਿੱਤਾ ਹੈ ਅਤੇ ਵਡੇਰੇ ਜਨਤਕ ਹਿੱਤ ਵਿੱਚ ਇਨ੍ਹਾਂ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ।” ਮੁੱਖ ਮੰਤਰੀ ਨੇ ਕਿਹਾ ਕਿ ਇਹ ਟੋਲ 5 ਸਤੰਬਰ, 2015 ਨੂੰ ਸੱਤ ਸਾਲਾਂ ਦੇ ਅਰਸੇ ਲਈ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਟੋਲ ਤਤਕਾਲੀ ਅਕਾਲੀ ਸਰਕਾਰ ਦਾ 'ਤੋਹਫ਼ਾ' ਹੈ ਜਿਸ ਦਾ ਉਮੀਦਵਾਰ ਅਪ੍ਰੈਲ, 2015 'ਚ ਹੋਈਆਂ ਜ਼ਿਮਨੀ ਚੋਣਾਂ 'ਚ ਜਿੱਤਿਆ ਸੀ। ਭਗਵੰਤ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਭਾਵੇਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਾਅਦਾ ਕੀਤਾ ਸੀ ਕਿ ਇਹ ਟੋਲ ਸਥਾਪਿਤ ਨਹੀਂ ਕੀਤਾ ਜਾਵੇਗਾ ਪਰ ਜ਼ਿਮਨੀ ਚੋਣ ਜਿੱਤਣ ਤੋਂ ਤੁਰੰਤ ਬਾਅਦ ਉਨ੍ਹਾਂ ਦੇ ਉਮੀਦਵਾਰ ਨੇ ਯੂ-ਟਰਨ ਲੈ ਲਿਆ ਅਤੇ ਉਸੇ ਸਾਲ ਸਤੰਬਰ ਵਿੱਚ ਟੋਲ ਚਾਲੂ ਕਰ ਦਿੱਤਾ ਗਿਆ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੱਤ ਸਾਲਾਂ ਤੱਕ ਲੋਕਾਂ ਨੇ ਇਨ੍ਹਾਂ ਟੋਲ ਪਲਾਜ਼ਿਆਂ ਤੋਂ ਲੰਘਣ ਲਈ ਆਪਣੀਆਂ ਜੇਬਾਂ ਵਿੱਚੋਂ ਵੱਡੀ ਰਕਮ ਖਰਚ ਕੀਤੀ ਹੈ। ਭਗਵੰਤ ਮਾਨ ਨੇ ਖੁਲਾਸਾ ਕੀਤਾ ਕਿ ਸੰਸਦ ਮੈਂਬਰ ਹੋਣ ਦੇ ਨਾਤੇ ਉਨ੍ਹਾਂ ਨੇ ਪਾਰਲੀਮੈਂਟ ਵਿੱਚ ਵੀ ਟੋਲ ਦਰਾਂ ਦੇ ਵਧਣ ਦਾ ਮੁੱਦਾ ਉਠਾਇਆ ਸੀ ਪਰ ਕੁਝ ਨਾ ਬਣਿਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕਿਉਂ ਜੋ ਟੋਲ ਪਲਾਜ਼ਿਆਂ ਦੀ ਮਿਆਦ 4 ਸਤੰਬਰ ਦੀ ਅੱਧੀ ਰਾਤ ਤੱਕ ਖਤਮ ਹੋ ਜਾਵੇਗੀ, ਇਸ ਲਈ ਸੋਮਵਾਰ ਤੋਂ ਇਹ ਟੋਲ ਪਲਾਜ਼ੇ ਚਾਲੂ ਨਹੀਂ ਹੋਣਗੇ। ਇਸ ਕਦਮ ਨੂੰ ਲੋਕਾਂ ਲਈ ਵੱਡੀ ਰਾਹਤ ਦੱਸਦਿਆਂ ਮੁੱਖ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਲੋਕ ਸੋਮਵਾਰ ਤੋਂ ਇਨ੍ਹਾਂ ਦੋਵਾਂ ਟੋਲ ਪਲਾਜ਼ਿਆਂ 'ਤੇ ਬਿਨਾਂ ਕਿਸੇ ਟੋਲ ਫੀਸ ਦੇ ਸੜਕ 'ਤੇ ਲੰਘ ਸਕਦੇ ਹਨ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਇਨ੍ਹਾਂ ਟੋਲ ਪਲਾਜ਼ਿਆਂ ਦਾ ਪ੍ਰਬੰਧ ਚਲਾਉਣ ਵਾਲੀਆਂ ਕੰਪਨੀਆਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ 20 ਮਹੀਨਿਆਂ ਦਾ ਸਮਾਂ ਵਧਾਏ ਜਾਂ ਕੋਵਿਡ ਅਤੇ ਕਿਸਾਨ ਅੰਦੋਲਨ ਕਾਰਨ ਹੋਏ ਭਾਰੀ ਨੁਕਸਾਨ ਲਈ 50 ਕਰੋੜ ਰੁਪਏ ਦਾ ਮੁਆਵਜ਼ਾ ਦੇਵੇ। ਭਗਵੰਤ ਮਾਨ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਉਨ੍ਹਾਂ ਨੇ ਦੋਵੇਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਸੀ ਕਿਉਂਕਿ ਕਰੋਨਾ ਇੱਕ ਵਿਸ਼ਵਵਿਆਪੀ ਆਫ਼ਤ ਸੀ ਅਤੇ ਕਿਸਾਨ ਅੰਦੋਲਨ ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਦਾ ਸਿੱਟਾ ਸੀ, ਜਿਸ ਲਈ ਕੇਂਦਰ ਸਰਕਾਰ ਨੇ ਬਾਅਦ ਵਿੱਚ ਮੁਆਫੀ ਵੀ ਮੰਗ ਲਈ ਸੀ। ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਕਿਹਾ ਕਿ ਉਨ੍ਹਾਂ ਦੀ ਥਾਂ ਕੋਈ ਹੋਰ ਵਿਅਕਤੀ ਹੁੰਦਾ ਤਾਂ ਕੰਪਨੀ ਦੀਆਂ ਤਜਵੀਜ਼ਾਂ ਨਾਲ ਸਹਿਮਤੀ ਪ੍ਰਗਟਾ ਦਿੰਦਾ ਪਰ ਉਨ੍ਹਾਂ ਨੇ ਪੰਜਾਬੀਆਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਟੋਲ ਬੰਦ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਚੇਤੇ ਕਰਵਾਇਆ ਕਿ ਅਜਿਹੇ ਟੋਲ ਪਲਾਜ਼ਿਆਂ ਕਾਰਨ ਆਮ ਵਸਤਾਂ ਦੇ ਭਾਅ ਵੱਧ ਰਹੇ ਹਨ ਕਿਉਂਕਿ ਹਰ ਟੋਲ ਪਾਰ ਕਰਨ ਤੋਂ ਬਾਅਦ ਇਨ੍ਹਾਂ ਦੇ ਟਰਾਂਸਪੋਰਟ ਦੇ ਖਰਚੇ ਵੱਧ ਜਾਂਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਟੋਲ ਪਲਾਜ਼ਾ ਮਾਲਕ ਆਪਣੀ ਮਨਮਰਜ਼ੀ ਨਾਲ ਰੇਟ ਵਧਾ ਦਿੰਦੇ ਹਨ ਜਿਸ ਨਾਲ ਆਮ ਆਦਮੀ ਦੀ ਜੇਬ 'ਤੇ ਭਾਰੀ ਬੋਝ ਪੈਂਦਾ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਨਿਰੰਤਰ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਟਾਟਾ ਗਰੁੱਪ ਸੂਬੇ ਵਿੱਚ ਲੁਧਿਆਣਾ ਨੇੜੇ 2600 ਕਰੋੜ ਰੁਪਏ ਦੇ ਨਿਵੇਸ਼ ਨਾਲ ਇੱਕ ਵੱਡਾ ਪ੍ਰੋਜੈਕਟ ਸਥਾਪਤ ਕਰੇਗਾ। ਉਨ੍ਹਾਂ ਕਿਹਾ ਕਿ ਜਮਸ਼ੇਦਪੁਰ ਤੋਂ ਬਾਅਦ ਟਾਟਾ ਸਟੀਲ ਦਾ ਇਹ ਸਭ ਤੋਂ ਵੱਡਾ ਨਿਵੇਸ਼ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਸੂਬੇ ਵਿੱਚ ਹੋਰ ਪ੍ਰਮੁੱਖ ਉਦਯੋਗਿਕ ਪ੍ਰੋਜੈਕਟ ਸਥਾਪਤ ਕੀਤੇ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਹੁਣ ਇਹ ਕੰਪਨੀਆਂ ਸੂਬੇ ਵਿੱਚ ਨਿਵੇਸ਼ ਲਈ ਆ ਰਹੀਆਂ ਹਨ ਅਤੇ ਪੰਜਾਬ ਨਾਲ ਐਮ.ਓ.ਯੂ. ਕਰ ਰਹੀਆਂ ਹਨ। ਉਨ੍ਹਾਂ ਨੇ ਦੁੱਖ ਨਾਲ ਕਿਹਾ ਕਿ ਪਹਿਲਾਂ ਅਜਿਹੇ ਨਿਵੇਸ਼ਕ ਨਿਵੇਸ਼ ਕਰਨ ਤੋਂ ਇਸ ਕਰਕੇ ਭੱਜ ਜਾਂਦੇ ਸਨ ਕਿਉਂਕਿ ਉਨ੍ਹਾਂ ਨੂੰ ਸੂਬਾ ਸਰਕਾਰ ਦੀ ਬਜਾਏ ਸੱਤਾਧਾਰੀ ਪਰਿਵਾਰਾਂ ਨਾਲ ਸਮਝੌਤਾ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਭਗਵੰਤ ਮਾਨ ਨੇ ਵਿਅੰਗ ਕਰਦਿਆਂ ਕਿਹਾ ਕਿ ਉਨ੍ਹਾਂ ਤੋਂ ਪਹਿਲਾਂ ਦੇ ਸੱਤਾਧਾਰੀ ਇਹ ਪੁੱਛਦੇ ਸਨ ਕਿ ਅਜਿਹੇ ਪ੍ਰਾਜੈਕਟਾਂ ਨਾਲ ਉਨ੍ਹਾਂ ਦੇ ਪਰਿਵਾਰਾਂ ਨੂੰ ਕੀ ਫਾਇਦਾ ਹੋਵੇਗਾ ਪਰ ਹੁਣ ਉਹ ਕੰਪਨੀਆਂ ਤੋਂ ਪੁੱਛਦੇ ਹਨ ਕਿ ਇਨ੍ਹਾਂ ਪ੍ਰਾਜੈਕਟਾਂ ਨਾਲ ਕਿੰਨੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿਚ ਲਿਜਾਣ ਲਈ ਸੂਬਾ ਭਰ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਦਾ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 'ਖੇਡਾਂ ਵਤਨ ਪੰਜਾਬ ਦੀਆਂ' ਇਸ ਦਿਸ਼ਾ ਵੱਲ ਇੱਕ ਸਹੀ ਕਦਮ ਹੈ ਕਿਉਂਕਿ ਇਹ ਖਿਡਾਰੀਆਂ ਨੂੰ ਉਨ੍ਹਾਂ ਦੀ ਛੁਪੀ ਹੋਈ ਪ੍ਰਤਿਭਾ ਲਈ ਮੰਚ ਪ੍ਰਦਾਨ ਕਰਨਗੀਆਂ। ਭਗਵੰਤ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸੂਬਾ ਸਰਕਾਰ ਨੂੰ ਖਿਡਾਰੀਆਂ ਦੀਆਂ ਖੂਬੀਆਂ ਅਤੇ ਕਮਜ਼ੋਰੀਆਂ ਦੀ ਪਛਾਣ ਕਰਨ ਵਿੱਚ ਵੀ ਮਦਦ ਕਰੇਗਾ ਜੋ ਭਵਿੱਖ ਵਿੱਚ ਹੋਣ ਵਾਲੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਉਨ੍ਹਾਂ ਨੂੰ ਤਿਆਰ ਕਰਨ ਲਈ ਸਹਾਈ ਸਿੱਧ ਹੋਣਗੀਆਂ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੋਕਾਂ ਨਾਲ ਕੀਤਾ ਇਕ-ਇਕ ਵਾਅਦਾ ਪੂਰਾ ਕੀਤਾ ਜਾਵੇਗਾ ਅਤੇ ਸੂਬਾ ਸਰਕਾਰ ਇਸ ਸਬੰਧੀ ਪਹਿਲਾਂ ਹੀ ਸਿਰਤੋੜ ਯਤਨ ਕਰ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਇੱਕ ਵਾਰ ਫਿਰ ਹਰ ਖੇਤਰ ਵਿੱਚ ਮੋਹਰੀ ਸੂਬਾ ਬਣੇਗਾ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਜਮੀਰ ਉਲ ਰਹਿਮਾਨ, ਸੀਨੀਅਰ ਆਪ ਆਗੂ ਗੁਰਮੇਲ ਸਿੰਘ ਘਰਾਚੋਂ ਆਦਿ ਹਾਜ਼ਰ ਸਨ।