ਸਵੀਪ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਕੈਲੰਡਰ ਤਿਆਰ ਕਰਨ ਦੀ ਹਦਾਇਤ
ਯੁਵਾਵਾਂ ਨੂੰ ਵੋਟਰ ਵਜੋਂ ਰਜਿਸਟਰ ਕਰਨ ਦੀ ਮੁਹਿੰਮ ਵਿੱਚ ਵਿਭਾਗਾਂ ਨੂੰ ਯੋਗਦਾਨ ਪਾਉਣ ਦਾ ਸੱਦਾ

ਭਵਾਨੀਗੜ੍ਹ, 10 ਨਵੰਬਰ (ਗੁਰਵਿੰਦਰ ਸਿੰਘ) ਜ਼ਿਲ੍ਹਾ ਸੰਗਰੂਰ ਵਿਖੇ ਸਵੀਪ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਸਵੀਪ ਦੇ ਜ਼ਿਲ੍ਹਾ ਨੋਡਲ ਅਧਿਕਾਰੀ-ਕਮ-ਐਸ.ਡੀ.ਐਮ ਭਵਾਨੀਗੜ੍ਹ ਡਾ. ਵਨੀਤ ਕੁਮਾਰ ਨੇ ਹਦਾਇਤ ਕੀਤੀ ਕਿ 14 ਨਵੰਬਰ ਤੋਂ ਪਹਿਲਾਂ ਪਹਿਲਾਂ ਸਵੀਪ ਗਤੀਵਿਧੀਆਂ ਬਾਰੇ ਸਮਾਂ ਸਾਰਣੀ ਕੈਲੰਡਰ ਤਿਆਰ ਕੀਤਾ ਜਾਵੇ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਮੀਟਿੰਗ ਦੌਰਾਨ ਡਾ. ਵਨੀਤ ਕੁਮਾਰ ਨੇ ਕਿਹਾ ਕਿ 25 ਜਨਵਰੀ 2023 ਨੂੰ ਰਾਸ਼ਟਰੀ ਵੋਟਰ ਦਿਵਸ ਤੱਕ ਉਲੀਕੀਆਂ ਜਾਣ ਵਾਲੀਆਂ ਸਵੀਪ ਗਤੀਵਿਧੀਆਂ ਦਾ ਮੁੱਖ ਮਨੋਰਥ ਯੁਵਾਵਾਂ ਨੂੰ ਵੋਟਰ ਵਜੋਂ ਰਜਿਸਟਰ ਕਰਨਾ ਨਿਰਧਾਰਿਤ ਕੀਤਾ ਗਿਆ ਹੈ ਜਿਸ ਤਹਿਤ ਵੱਖ-ਵੱਖ ਵਿਭਾਗਾਂ ਵੱਲੋਂ ਭਾਸ਼ਣ ਮੁਕਾਬਲਿਆਂ, ਸਾਇਕਲ ਰੈਲੀਆਂ, ਜਾਗਰੂਕਤਾ ਮਾਰਚ, ਰੰਗੋਲੀ, ਮੈਰਾਥਨ ਆਦਿ ਵੰਨਗੀਆਂ ਰਾਹੀਂ ਜਾਗਰੂਕਤਾ ਪੈਦਾ ਕੀਤਾ ਜਾਵੇਗੀ। ਡਾ. ਵਨੀਤ ਕੁਮਾਰ ਨੇ ਕਿਹਾ ਕਿ ਵੋਟਰ ਅਵੇਅਰਨੈਸ ਫੋਰਮ ਅਤੇ ਇਲੈਕਟੋਰਲ ਲਿਟਰੇਸੀ ਕਲੱਬਾਂ ਰਾਹੀਂ ਨੌਜਵਾਨਾਂ, ਔਰਤਾਂ, ਟਰਾਂਸਜੈਂਡਰ, ਮਜ਼ਦੂਰਾਂ, ਦਿਵਿਆਂਗ ਵਿਅਕਤੀਆਂ ਤੱਕ ਪਹੁੰਚ ਕਾਇਮ ਕਰਦੇ ਹੋਏ ਵੋਟਰ ਵਜੋਂ ਰਜਿਸਟਰ ਹੋਣ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਭਾਰਤੀ ਚੋਣ ਕਮਿਸ਼ਨ ਵੱਲੋਂ ਸਾਲ 2023 ਦੌਰਾਨ ਚਾਰ ਯੋਗਤਾ ਮਿਤੀਆਂ 1 ਜਨਵਰੀ, 1 ਅਪ੍ਰੈਲ, 1 ਜੁਲਾਈ ਅਤੇ 1 ਅਕਤੂਬਰ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ ਜਿਸ ਦੇ ਆਧਾਰ ’ਤੇ 17 ਸਾਲ ਪੂਰੀ ਕਰ ਚੁੱਕੇ ਯੁਵਾਵਾਂ ਕੋਲੋਂ ਬਤੌਰ ਵੋਟਰ ਰਜਿਸਟਰ ਹੋਣ ਸਬੰਧੀ ਅਗੇਤੇ ਤੌਰ ’ਤੇ ਫਾਰਮ ਪ੍ਰਾਪਤ ਕਰਨ ਦਾ ਉਪਰਾਲਾ ਕੀਤਾ ਗਿਆ ਹੈ ਜਿਸ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕੀਤੀ ਜਾਵੇ।ਮੀਟਿੰਗ ਦੌਰਾਨ ਤਹਿਸੀਲਦਾਰ ਚੋਣਾਂ ਵਿਜੇ ਕੁਮਾਰ ਤੋਂ ਇਲਾਵਾ ਸਵੀਪ ਗਤੀਵਿਧੀਆਂ ਦੇ ਨੋਡਲ ਅਧਿਕਾਰੀ ਵੀ ਹਾਜ਼ਰ ਸਨ।