ਸਕੱਤਰ ਆਰਟੀਏ ਵੱਲੋਂ ਵੱਖ-ਵੱਖ ਸੜਕਾਂ 'ਤੇ ਵਾਹਨਾਂ ਦੀ ਅਚਨਚੇਤ ਚੈਕਿੰਗ
11 ਓਵਰਲੋਡ ਵਾਹਨਾਂ ਦੇ ਚਲਾਨ, 5 ਵਾਹਨ ਬੰਦ ਕੀਤੇ

ਭਵਾਨੀਗੜ੍ਹ, 8 ਜਨਵਰੀ (ਯੁਵਰਾਜ ਹਸਨ)-ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਕੱਤਰ ਰੀਜ਼ਨਲ ਟਰਾਂਸਪੋਰਟ ਅਥਾਰਟੀ ਡਾ. ਵਨੀਤ ਕੁਮਾਰ ਵੱਲੋਂ ਪਟਿਆਲਾ-ਸੰਗਰੂਰ ਨੈਸ਼ਨਲ ਹਾਈਵੇ ਉੱਤੇ ਚੰਨੋ ਅਤੇ ਭਵਾਨੀਗੜ੍ਹ ਰੋਡ 'ਤੇ ਵਾਹਨਾਂ ਦੀ ਅਚਨਚੇਤ ਚੈਕਿੰਗ ਕੀਤੀ। ਸਕੱਤਰ ਡਾ. ਵਨੀਤ ਕੁਮਾਰ ਨੇ ਦੱਸਿਆ ਕਿ ਚੈਕਿੰਗ ਦੌਰਾਨ 11 ਵਾਹਨਾਂ ਦੇ ਚਲਾਨ ਕੱਟੇ ਗਏ ਹਨ ਜਦਕਿ 5 ਵਾਹਨ ਬੰਦ (ਬਾਊਂਡ) ਕੀਤੇ ਗਏ ਹਨ। ਸਕੱਤਰ ਆਰਟੀਏ ਨੇ ਕਿਹਾ ਕਿ ਓਵਰਲੋਡ ਵਾਹਨਾਂ ਕਾਰਨ ਸੜਕਾਂ ਉੱਤੇ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਅਤੇ ਇਨੀਂ ਦਿਨੀਂ ਪੈ ਰਹੀ ਸੰਘਣੀ ਧੁੰਦ ਕਾਰਨ ਅਜਿਹੇ ਵਾਹਨ ਸੜਕ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ। ਉਨ੍ਹਾਂ ਦੱਸਿਆ ਕਿ ਟਰਾਲੀਆਂ, ਟਰਾਲਿਆਂ ਅਤੇ ਟਰੱਕਾਂ ਨੂੰ ਓਵਰਲੋਡ ਕਰਕੇ ਰਾਹਗੀਰਾਂ ਦੀ ਜਾਨ ਮਾਲ ਨੂੰ ਖ਼ਤਰੇ ਵਿਚ ਪਾਉਣ ਵਾਲਿਆਂ ਖਿਲਾਫ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਚੈਕਿੰਗ ਦੌਰਾਨ ਵਾਹਨ ਚਾਲਕਾਂ ਦੇ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਗਈ।