ਭਵਾਨੀਗੜ (ਗੁਰਵਿੰਦਰ ਸਿੰਘ) ਸੰਸਕਾਰ ਵੈਲੀ ਸਮਾਰਟ ਸਕੂਲ ਭਵਾਨੀਗੜ੍ਹ ਦੇ ਦੂਜੀ ਜਮਾਤ ਦੇ ਵਿਦਿਆਰਥੀ ਅਸ਼ਮਿਤ ਗਰਗ ਨੇ ਸਿਲਵਰ ਜ਼ੋਨ ਉਲੰਪੀਆਡ ਦੇ ਸਾਇੰਸ ਵਿਸ਼ੇ ਵਿੱਚੋਂ 96.5%ਅੰਕ ਹਾਸਿਲ ਕਰਕੇ ਉੱਤਰੀ ਭਾਰਤ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਓਲੰਪੀਆਡ ਵਿੱਚ ਦੇਸ਼ ਦੇ ਦਸ ਹਜ਼ਾਰ ਸਕੂਲਾਂ ਵਿੱਚੋਂ ਲਗ-ਭਗ 12 ਲੱਖ ਵਿਦਿਆਰਥੀਆਂ ਨੇ ਭਾਗ ਲਿਆ। ਸਕੂਲ ਦੇ ਪ੍ਰਿੰਸੀਪਲ ਅਮਨ ਨਿੱਝਰ ਨੇ ਇਸ ਮੌਕੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਅਸ਼ਮਿਤ ਗਰਗ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੱਤੀ। ਇਹਨਾਂ ਓਲੰਪੀਆਡ ਦਾ ਉਦੇਸ਼ ਵਿਦਿਆਰਥੀਆਂ ਨੂੰ ਪੜ੍ਹਾਈ ਵੱਲ ਪ੍ਰੇਰਿਤ ਕਰਨਾ, ਮੁਕਾਬਲੇ ਦੀ ਰੁਚੀ ਪੈਦਾ ਕਰਨਾ ਅਤੇ ਵਿਦਿਆਰਥੀਆਂ ਨੂੰ ਆਪਣਾ ਸਹੀ ਮੁਲਾਂਕਣ ਕਰਨਾ ਸਿਖਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸੰਸਕਾਰ ਵੈਲੀ ਸਮਾਰਟ ਸਕੂਲ ਵੱਲੋਂ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਹਰ ਤਰ੍ਹਾਂ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਨੂੰ ਮਿਹਨਤ ਦੇ ਨਾਲ - ਨਾਲ ਵਿੱਦਿਆ ਦਾ ਮਹੱਤਵ ਦੱਸਣ ਉੱਤੇ ਜ਼ੋਰ ਲਗਾਇਆ ਜਾਂਦਾ ਹੈ। ਅਸ਼ਮਿਤ ਦੇ ਪਿਤਾ ਅਸ਼ਵਨੀ ਗਰਗ ਨੇ ਇਸ ਮੌਕੇ ਖ਼ੁਸ਼ ਹੁੰਦੇ ਹੋਏ ਸਕੂਲ ਦਾ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਸਕੂਲ ਦੇ ਚੇਅਰਮੈਨ ਧਰਮਵੀਰ ਗਰਗ ਨੇ ਅਸ਼ਮਿਤ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਲਈ ਹਰ ਵਿਦਿਆਰਥੀ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ ਅਤੇ ਉਨ੍ਹਾਂ ਦਾ ਉਦੇਸ਼ ਹਰ ਇੱਕ ਬੱਚੇ ਨੂੰ ਉਸ ਦੀ ਮੰਜ਼ਿਲ ਤੱਕ ਪਹੁੰਚਾਉਣਾ ਹੈ । ਉਨ੍ਹਾਂ ਨੇ ਅਸ਼ਮਿਤ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਉਹ ਅੱਗੇ ਵੀ ਇਸੇ ਤਰ੍ਹਾਂ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰੇ।