ਭਵਾਨੀਗੜ੍ਹ, 18 ਮਈ (ਯੁਵਰਾਜ ਹਸਨ) : ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਸ੍ਰ. ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਦੀ ਅਣਥੱਕ ਮਿਹਨਤ ਰੰਗ ਲਿਆਈ ਹੈ ਜਿੰਨ੍ਹਾਂ ਨੇ ਗੱਤਕਾ ਖੇਡ ਨੂੰ ਖੇਲੋ ਇੰਡੀਆ ਤੋਂ ਬਾਅਦ ਹੁਣ 37ਵੀਆਂ ਰਾਸ਼ਟਰੀ ਖੇਡਾਂ ’ਚ ਸ਼ਾਮਲ ਕਰਵਾ ਕੇ ਗੱਤਕਾ ਪ੍ਰੇਮੀਆਂ, ਖਿਡਾਰੀਆਂ ਅਤੇ ਪੰਥ ਨੂੰ ਦੂਜਾ ਵੱਡਾ ਤੋਹਫਾ ਦਿੱਤਾ ਹੈ ਜਿਸ ਲਈ ਗੱਤਕਾ ਐਸੋਸੀਏਸ਼ਨ ਬਲਾਕ ਭਵਾਨੀਗੜ੍ਹ ਦੀ ਸਮੁੱਚੀ ਕਮੇਟੀ, ਕੋਚ ਅਤੇ ਖਿਡਾਰੀਆਂ ਨੇ ਉਨ੍ਹਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ।
ਇਸ ਬਾਰੇ ਇੱਕ ਬਿਆਨ ਵਿੱਚ ਜਿਲ੍ਹਾ ਆਗੂ ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕੌਂਸਲ ਮਸਤੂਆਣਾ ਸਾਹਿਬ, ਕੇਵਲ ਸਿੰਘ ਜਲਾਨ, ਗੱਤਕਾ ਐਸੋਸੀਏਸ਼ਨ ਬਲਾਕ ਭਵਾਨੀਗੜ੍ਹ ਦੇ ਪ੍ਰਧਾਨ ਜਗਮੀਤ ਸਿੰਘ ਭੋਲਾ ਬਲਿਆਲ, ਪ੍ਰਗਟ ਸਿੰਘ ਢਿਲੋਂ, ਮਨਜੀਤ ਸਿੰਘ ਕੁੱਕੀ ਕੋਚ, ਭਾਈ ਹਰਜਿੰਦਰ ਸਿੰਘ ਮਾਝੀ ਮੁਖੀ ਦਰਬਾਰ ਏ ਖਾਲਸਾ, ਭਾਈ ਗੁਰਮੁੱਖ ਸਿੰਘ ਗੁਰਦੁਆਰਾ ਲੰਗਰ ਸਾਹਿਬ ਭੱਟੀਵਾਲ ਕਲਾਂ, ਸੁਖਵਿੰਦਰ ਸਿੰਘ ਬਲਿਆਲ, ਰਘੂਰਾਜ ਸਿੰਘ ਘੁਮਾਣ ਉਘੇ ਆਰਕੀਟੈਕਟ, ਗੋਗੀ ਨਰੈਣਗੜ੍ਹ, ਧਨਮਿੰਦਰ ਸਿੰਘ ਭੱਟੀਵਾਲ, ਸਰਬਜੀਤ ਸਿੰਘ ਬਿੱਟੂ, ਚਮਕੌਰ ਸਿੰਘ ਬਲਿਆਲ, ਪ੍ਰਗਟ ਸਿੰਘ ਕਲੇਰ, ਨਿੰਦਰ ਸਿੰਘ ਸਾਬਕਾ ਸਰਪੰਚ ਬਲਿਆਲ, ਹਰਵਿੰਦਰ ਸਿੰਘ ਕਾਕੜਾ, ਨਿਰਮਲ ਸਿੰਘ ਭੜੋ ਮੈਂਬਰ ਐਸ ਜੀ ਪੀ ਸੀ, ਬਲਜਿੰਦਰ ਸਿੰਘ ਗੋਗੀ ਚੰਨੋਂ, ਭੁਪਿੰਦਰ ਸਿੰਘ ਧਾਰੋਕੀ ਨੇ ਕਿਹਾ ਕਿ ਹਰਜੀਤ ਸਿੰਘ ਗਰੇਵਾਲ ਨੇ ਪਿਛਲੇ ਡੇਢ ਦਹਾਕੇ ਤੋਂ ਗੱਤਕੇ ਲਈ ਦਿਨ ਰਾਤ ਅਣਥੱਕ ਮਿਹਨਤ ਕਰਦਿਆਂ ਦਿਨ-ਬ-ਦਿਨ ਗੱਤਕੇ ਨੂੰ ਉੱਚ ਪੱਧਰ ਉਤੇ ਪ੍ਰਫੁੱਲਤ ਕਰਕੇ ਵਡਮੁੱਲੀਆਂ ਪ੍ਰਾਪਤੀਆਂ ਰਾਹੀਂ ਗੱਤਕੇ ਨੂੰ ਕੌਮੀ ਪੱਧਰ ਦੀ ਮਾਨਤਾ ਦਿਵਾਈ ਹੈ। ਉਨਾਂ ਕਿਹਾ ਕਿ ਗੱਤਕਾ ਖੇਡ ਨੂੰ ਗੋਆ ਵਿਖੇ ਅਕਤੂਬਰ ਮਹੀਨੇ ਹੋਣ ਵਾਲੀਆਂ 37ਵੀਆਂ ਨੈਸ਼ਨਲ ਗੇਮਜ-2023 ਵਿੱਚ ਸ਼ਾਮਲ ਕੀਤੇ ਜਾਣਾ ਗੱਤਕੇ ਦੀ ਕੌਮੀ ਪੱਧਰ ਉਤੇ ਤਰੱਕੀ ਲਈ ਵੱਡਾ ਕਦਮ ਸਾਬਤ ਹੋਵੇਗਾ ਅਤੇ ਦੇਸ਼ ਦੇ ਸਮੂਹ ਰਾਜਾਂ ਵਿੱਚ ਗੱਤਕੇ ਨੂੰ ਹੋਰ ਬਿਹਤਰ ਤਰੀਕੇ ਨਾਲ ਪ੍ਰਫੁੱਲਤ ਕੀਤਾ ਜਾ ਸਕੇਗਾ।ਐਸੋਸੀਏਸ਼ਨ ਨੇ ਇਸ ਇਤਿਹਾਸਕ ਫੈਸਲੇ ਲਈ ਭਾਰਤੀ ਉਲੰਪਿਕ ਐਸੋਸੀਏਸ਼ਨ (ਆਈ.ਓ.ਏ.) ਅਤੇ ਗੇਮਜ ਟੈਕਨੀਕਲ ਕੰਡਕਟ ਕਮੇਟੀ (ਜੀ.ਟੀ.ਸੀ.ਸੀ.) ਦਾ ਵੀ ਧੰਨਵਾਦ ਕੀਤਾ ਹੈ।ਉਨ੍ਹਾਂ ਦੱਸਿਆ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਕਾਫੀ ਸਮੇਂ ਤੋਂ ਚਾਰਾਜੋਈ ਕੀਤੀ ਜਾ ਰਹੀ ਸੀ ਅਤੇ ਇਸ ਸਬੰਧੀ ਆਈ.ਓ.ਏ. ਅਤੇ ਜੀ.ਟੀ.ਸੀ.ਸੀ. ਦੇ ਅਧਿਕਾਰੀਆਂ ਨਾਲ ਵੀ ਮੀਟਿੰਗਾਂ ਕਰਕੇ ਗੱਤਕਾ ਖੇਡ ਨੂੰ ਉਲੰਪਿਕ ਐਸੋਸੀਏਸ਼ਨ ਵੱਲੋਂ ਮਾਨਤਾ ਦੇਣ ਅਤੇ ਕੌਮੀ ਖੇਡਾਂ ਵਿੱਚ ਸ਼ਾਮਲ ਕਰਨ ਲਈ ਬਾਦਲੀਲ ਪੱਖ ਰੱਖਿਆ ਗਿਆ ਜਿਸ ਉਪਰੰਤ ਵਿਰਾਸਤੀ ਖੇਡ ਗੱਤਕਾ ਨੂੰ ਗੌਰਵਮਈ ਰਾਸ਼ਟਰੀ ਖੇਡਾਂ ਵਿੱਚ ਬਤੌਰ ਡੈਮੋ ਖੇਡ ਵਜੋਂ ਸ਼ਾਮਲ ਕਰ ਲਿਆ ਗਿਆ ਹੈ।
ਹਰਜੀਤ ਸਿੰਘ ਗਰੇਵਾਲ।