ਸੰਗਰੂਰ, (ਮਾਲਵਾ ਬਿਊਰੋ) ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਿਵਲ ਸਰਜਨ ਡਾ. ਪਰਮਿੰਦਰ ਕੌਰ ਸਮੇਤ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਰ ਬੁੱਧਵਾਰ ਨੂੰ ਲਗਾਏ ਜਾਣ ਵਾਲੇ ਟੀਕਾਕਰਨ ਕੈਂਪਾਂ ਦੌਰਾਨ ਟੀਕਾਕਰਨ ਤੋਂ ਵਾਂਝੇ ਬੱਚਿਆਂ ਦਾ 100 ਫ਼ੀਸਦੀ ਟੀਕਾਕਰਨ ਕਰਵਾਉਣਾ ਯਕੀਨੀ ਬਣਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੀਜ਼ਲ—ਰੁਬੇਲਾ ਨੂੰ ਇਸ ਸਾਲ ਦੇ ਅੰਤ ਤੱਕ ਖ਼ਤਮ ਕਰਨ ਦਾ ਟੀਚਾ ਮਿਥਿਆ ਗਿਆ ਹੈ ਤੇ ਇਸ ਨੂੰ ਪੂਰਾ ਕਰਨ ਲਈ ਜ਼ਿਲ੍ਹੇ ਦਾ ਕੋਈ ਵੀ ਬੱਚਾ ਐਮ—ਆਰ ਟੀਕੇ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ਲਈ ਸਰਵੇ ਕਰਵਾਇਆ ਜਾਵੇ ਤੇ ਐਮ.ਆਰ. ਦੇ ਟੀਕੇ ਤੋਂ ਵਾਂਝੇ ਬੱਚਿਆਂ ਦੀ ਸੂਚੀ ਤਿਆਰ ਕਰ ਕੇ ਉਨ੍ਹਾਂ ਦੇ ਟੀਕੇ ਲਗਾਉਣਾ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਬੱਚਿਆਂ ਨੂੰ ਵੱਖ—ਵੱਖ ਮਾਰੂ ਬੀਮਾਰੀਆਂ ਤੋਂ ਬਚਾਉਣ ਲਈ ਹਰ ਬੁੱਧਵਾਰ ਨੂੰ ਸਬ ਸੈਂਟਰ ਪੱਧਰ ‘ਤੇ ਟੀਕਾਕਰਨ ਕੈਂਪ ਲਗਾਏ ਜਾਂਦੇ ਹਨ। ਇਹ ਟੀਕੇ ਜਨਮ ਸਮੇਂ ਤੋਂ ਲੈ ਕੇ 16 ਸਾਲ ਤੱਕ ਦੇ ਬੱਚਿਆਂ ਦੇ ਮੁਫ਼ਤ ਲਗਾਏ ਜਾਂਦੇ ਹਨ। ਇਸ ਤੋਂ ਇਲਾਵਾ ਗਰਭਵਤੀ ਔਰਤਾਂ ਦੇ ਵੀ ਟੈੱਟਨੈਸ ਦੇ ਟੀਕੇ ਲਗਾਏ ਜਾਂਦੇ ਹਨ।ਉਨ੍ਹਾਂ ਦੱਸਿਆ ਕਿ ਬੱਚੇ ਦੇ ਜਨਮ ਸਮੇਂ ਟੀ.ਬੀ. ਦੀ ਬੀਮਾਰੀ ਤੋਂ ਬਚਾਉਣ ਲਈ ਬੀ.ਸੀ.ਜੀ., ਪੀਲੀਆ ਤੋਂ ਬਚਾਅ ਲਈ ਹੈਪੇਟਾਈਟਸ ਬੀ. ਦਾ ਟੀਕਾ ਅਤੇ ਪੋਲੀਓ ਤੋਂ ਬਚਾਅ ਲਈ ਓ.ਪੀ.ਵੀ. ਦੀਆਂ ਬੂੰਦਾਂ ਪਿਆਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਬੱਚੇ ਦੇ 6, 10, 14 ਹਫ਼ਤੇ, 9, 18 ਮਹੀਨੇ, 5 ਅਤੇ 16 ਸਾਲ ਤੱਕ ਦੇ ਬੱਚਿਆਂ ਦੇ ਵੱਖ-ਵੱਖ ਤਰ੍ਹਾਂ ਦੀਆਂ 5 ਬੀਮਾਰੀਆਂ ਤੋਂ ਬਚਾਅ ਲਈ ਪੈਂਟਾਵੇਲੈਂਟ, ਪੋਲੀਓ ਤੋਂ ਬਚਾਅ ਲਈ ਆਈ.ਪੀ.ਵੀ., ਨੀਮੋਨੀਆ ਤੋਂ ਬਚਾਅ ਲਈ ਪੀ.ਸੀ.ਵੀ., ਦਸਤ ਤੋਂ ਬਚਾਅ ਲਈ ਰੋਟਾਵਾਈਰਸ ਤੇ ਅੰਧਰਾਤੇ ਤੋਂ ਬਚਾਅ ਲਈ ਵਿਟਾਮਿਨ ਏ ਦੀਆਂ ਖੁਰਾਕਾਂ ਦਿੱਤੀਆਂ ਜਾਂਦੀਆਂ ਹਨ।
ਸਿਵਲ ਸਰਜਨ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਿਹਤ ਵਿਭਾਗ ਵੱਲੋਂ ਹਰ ਬੁੱਧਵਾਰ ਨੂੰ ਲਗਾਏ ਜਾਂਦੇ ਟੀਕਾਕਰਨ ਕੈਂਪ ਦਾ ਲਾਭ ਲੈਣ ਤੇ ਆਪਣੇ ਬੱਚਿਆਂ ਦਾ ਮੁਕੰਮਲ ਟੀਕਾਕਰਨ ਕਰਵਾਉਣ।ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਟੀਕਾਕਰਨ ਲਈ ਉਹ ਆਪਣੇ ਨੇੜਲੇ ਸਿਹਤ ਕੇਂਦਰ ਵਿਖੇ ਜਾ ਸਕਦੇ ਹਨ ਜਾਂ ਆਪਣੇ ਏਰੀਏ ਦੀ ਆਸ਼ਾ ਤੇ ਏ.ਐਨ.ਐਮ ਨੂੰ ਮਿਲ ਸਕਦੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਸਹਾਇਕ ਕਮਿਸ਼ਨਰ ਅੰਡਰ ਟ੍ਰੇਨਿੰਗ ਜਸਪਿੰਦਰ ਸਿੰਘ, ਸਮੂਹ ਐਸਡੀਐਮ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਇੰਦਰਜੀਤ ਸਿੰਗਲਾ, ਡੀ.ਐਮ.ਸੀ. ਡਾ. ਵਿਕਾਸ ਧੀਰ, ਡਬਲਿਊ.ਐਚ.ਓ. ਸਰਵੇਲੈਂਸ ਮੈਡੀਕਲ ਅਫਸਰ ਡਾ. ਨਿਵੇਦਿਤਾ, ਡੀ.ਪੀ.ਐਮ. ਵੈਸ਼ਾਲੀ ਬਾਂਸਲ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।