ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ਦੇ ਮੌਕੇ ਮਿਸ਼ਨ ਫਤਹਿ ਦਾ ਆਗਾਜ਼ ਕੀਤਾ ਗਿਆ ਸੀ ਜਿਸ ਤਹਿਤ ਪੰਜਾਬ ਦੇ ਹੋਣਹਾਰ ਪਰੰਤੂ ਆਰਥਿਕ ਤੌਰ ਤੇ ਪਛੜੇ ਵਿਦਿਆਰਥੀਆਂ ਨੂੰ ਇੱਕ ਲੱਖ ਰੁਪਏ ਤੋਂ ਦੋ ਲੱਖ ਰੁਪਏ ਤੱਕ ਪ੍ਰਤੀ ਵਿਦਿਆਰਥੀ ਸਕਾਲਰਸ਼ਿਪ ਦੇਣ ਦੀ ਤਜਵੀਜ਼ ਹੈ। ਜਾਣਕਾਰੀ ਦਿੰਦੇ ਹੋਏ ਆਪਣਾ ਪੰਜਾਬ ਫਾਊਂਡੇਸ਼ਨ ਦੇ ਡਾਇਰੈਕਟਰ ਸ਼੍ਰੀ ਅਨਿਲ ਮਿੱਤਲ ਜੀ ਨੇ ਦੱਸਿਆ ਕਿ ਪੰਜਾਬ ਕਿਸੇ ਸਮੇਂ ਮਿਲਟਰੀ ਸੇਵਾਵਾਂ ਅਤੇ ਸਿਵਲ ਸਰਵਿਸਿਜ਼ ਸੇਵਾਵਾਂ ਲਈ ਜਾਣਿਆ ਜਾਂਦਾ ਸੀ। ਇੱਥੋਂ ਦੇ ਨੌਜਵਾਨ ਮਿਲਟਰੀ ਦੀਆਂ ਉੱਚ ਪਦਵੀਆਂ ਅਤੇ ਪੰਜਾਬ ਦੇ ਉੱਚ ਅਹੁਦਿਆਂ ਤੇ ਵਿਰਾਜਮਾਨ ਸਨ। ਪਿਛਲੇ ਕੁਝ ਦਹਾਕਿਆਂ ਵਿੱਚ ਬਾਹਰਲੇ ਦੇਸ਼ਾਂ ਦੇ ਵੱਲ ਹੋਏ ਰੁਖ ਕਾਰਨ ਪੰਜਾਬ ਦੀ ਪ੍ਰਤੀਨਿਧਤਾ ਇਹਨਾਂ ਸੇਵਾਵਾਂ ਵਿੱਚ ਘਟੀ ਹੈ। ਆਪਣਾ ਪੰਜਾਬ ਫਾਊਂਡੇਸ਼ਨ ਦੀ ਟੀਮ ਵੱਲੋਂ ਪੰਜਾਬ ਦੇ ਹੋਣਹਾਰ ਵਿਦਿਆਰਥੀਆਂ ਨੂੰ ਮੁੜ ਇਹਨਾਂ ਸੇਵਾਵਾਂ ਵੱਲ ਪ੍ਰੇਰਿਤ ਕਰਨ ਲਈ ਮਿਸ਼ਨ ਫਤਹਿ ਸ਼ੁਰੂ ਕੀਤਾ ਗਿਆ ਹੈ। ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕਾਲਰਸ਼ਿਪ ਲਈ ਰਜਿਸਟਰੇਸ਼ਨ ਸ਼ੁਰੂ ਹੈ। ਜਿਹੜੇ ਉਮੀਦਵਾਰ ਯੂ.ਪੀ.ਐਸ.ਸੀ., ਪੀ.ਪੀ.ਐਸ.ਸੀ., ਐਨ.ਡੀ.ਏ., ਸੀ.ਡੀ.ਐਸ. (ਆਈ.ਐਮ.ਏ.), ਐਸ.ਐਸ.ਸੀ. (ਓ.ਟੀ.ਏ.) ਪ੍ਰੀਖਿਆਵਾਂ ਦੇਣ ਦੇ ਇੱਛੁਕ ਹਨ, ਉਹਨਾਂ ਨੂੰ ਇਸ ਸਕਾਲਰਸ਼ਿਪ ਲੈਣ ਲਈ ਫਾਊਂਡੇਸ਼ਨ ਵੱਲੋਂ ਕਰਵਾਏ ਜਾਣ ਵਾਲਾ ਲਿਖਤੀ ਟੈਸਟ ਅਤੇ ਇੰਟਰਵਿਊ ਦਾ ਸਾਹਮਣਾ ਕਰਨਾ ਪਵੇਗਾ। ਕੁੱਲ 30 ਵਿਦਿਆਰਥੀਆਂ ਨੂੰ ਇਹ ਸਕਾਲਰਸ਼ਿਪ ਜਾਰੀ ਹੋਵੇਗਾ ਜਿਸ ਨਾਲ ਉਹ ਆਪਣੇ ਮਨਪਸੰਦ ਕੋਚਿੰਗ ਸੈਂਟਰ ਤੋਂ ਤਿਆਰੀ ਕਰ ਕੇ ਇਹ ਪ੍ਰੀਖਿਆ ਦੇ ਸਕਦੇ ਹਨ। ਜ਼ਿਕਰਯੋਗ ਹੈ ਕਿ ਮਿਸ਼ਨ ਫਤਹਿ ਤਹਿਤ ਇਹ ਸਕਾਲਰਸ਼ਿਪ ਪ੍ਰੀਖਿਆ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਹਰ ਸਾਲ ਹੋਵੇਗੀ। ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹਨ। ਰਜਿਸਟਰੇਸ਼ਨ ਲਈ ਪੰਜਾਬ ਦੇ ਫੈਡਰੇਸ਼ਨ ਦੇ ਮੈਂਬਰ ਸਕੂਲਾਂ ਦੀਆਂ ਮੈਨੇਜਮੈਂਟ ਜਾਂ ਪ੍ਰਿੰਸੀਪਲ ਨੂੰ ਸੰਪਰਕ ਕੀਤਾ ਜਾ ਸਕਦਾ ਹੈ। ਰਜਿਸਟਰੇਸ਼ਨ ਲਈ ਫਾਊਂਡੇਸ਼ਨ ਦੀ ਵੈਬਸਾਇਟ ਤੇ ਗੂਗਲ ਲਿੰਕ ਵੀ ਦਿੱਤਾ ਗਿਆ ਹੈ ਜਿਸ ਦੀ ਆਖਰੀ ਮਿਤੀ 13 ਅਗਸਤ, 2023 ਹੈ।