ਭਵਾਨੀਗੜ੍ਹ 31 ਜੁਲਾਈ (ਯੁਵਰਾਜ ਹਸਨ)– ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸਥਾਨਕ ਸ਼ਹਿਰ ਦੇ ਓੁਰੀਅੇਟਲ ਬੈਕ ਦੇ ਸਾਹਮਣੇ ਸਾਬਕਾ ਡਾਇਰੈਕਟਰ ਅਤੇ ਸ਼੍ਰੋਮਣੀ ਅਕਾਲੀਦਲ ਸੰਯੁਕਤ ਦੇ ਸੂਬਾ ਮੀਤ ਪ੍ਰਧਾਨ ਯੂਥ ਵਿੰਗ ਧਨਮਿੰਦਰ ਸਿੰਘ ਭੱਟੀਵਾਲ ਦੇ ਦਫਤਰ ਵਿਖੇ ਪਾਰਟੀ ਦੇ ਆਗੂਆਂ ਨਾਲ ਮੀਟਿੰਗ ਕੀਤੀ। ਇਸ ਮੋਕੇ ਜਿਥੇ ਭਵਿੱਖ ਵਿਚ ਪਾਰਟੀ ਨੂੰ ਮਜਬੂਤ ਬਣਾਓੁਣ ਲਈ ਵਿਚਾਰ ਚਰਚਾ ਕੀਤੀ ਗਈ ਓੁਥੇ ਹੀ ਹਰਚੰਦ ਸਿੰਘ ਲੋਗੋਵਾਲ ਦੀ 38 ਵੀ ਬਰਸੀ ਦੀਆ ਤਿਆਰੀਆ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ । ਇਸ ਮੋਕੇ ਗੱਲਬਾਤ ਕਰਦਿਆ ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਵਲੋਂ ਆਪ ਮੁਹਾਰੇ ਲਏ ਜਾ ਰਹੇ ਫੈਸਲਿਆਂ ਦੇ ਕਾਰਨ ਦਲ ਦਾ ਹਰ ਆਗੂ ਪਾਰਟੀ ਤੋਂ ਨਿਰਾਸ਼ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨਾਲ ਗੱਠਜੋੜ ਕਰਨ ਦੀਆਂ ਗੱਲਾਂ ਅਕਾਲੀ ਦਲ ਦੇ ਆਗੂਆਂ ਵਲੋਂ ਆਪਣੇ ਤੌਰ ’ਤੇ ਹੀ ਕੀਤੀਆਂ ਜਾ ਰਹੀਆਂ ਹਨ, ਜਦੋਂ ਕਿ ਭਾਜਪਾ ਆਗੂਆਂ ਨੇ ਕਿਸੇ ਦੀ ਤਰ੍ਹਾਂ ਦਾ ਗੱਠਜੋੜ ਕਰਨ ਦਾ ਕੋਈ ਫੈਸਲਾ ਨਹੀਂ ਕੀਤਾ। ਢੀਂਡਸਾ ਨੇ ਆਪ ਸਰਕਾਰ ’ਤੇ ਨਿਸਾਨੇ ਲਾਓੁਦਿਆ ਕਿਹਾ ਕਿ ਮੌਜੂਦਾ ਸਰਕਾਰ ਵਲੋਂ ਘੱਗਰ ਦੇ ਬੰਨ ਦਾ ਸਹੀ ਪ੍ਰਬੰਧ ਨਾ ਕਰਨ ਕਰਕੇ ਕਿਸਾਨਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਹੋ ਗਿਆ, ਜਿਸ ਦੀ ਭਰਪਾਈ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਘੱਗਰ ਦੇ ਸ਼ਿਕਾਰ ਹੋਏ ਕਿਸਾਨਾਂ ਨੂੰ ਪੰਜਾਬ ਸਰਕਾਰ ਵਲੋਂ ਤੁਰੰਤ ਪੂਰੀ ਤਰ੍ਹਾਂ ਝੋਨੇ ਦਾ ਨੁਕਸਾਨ ਹੋਣ ਵਾਲੇ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਘੱਟ ਨੁਕਸਾਨ ਵਾਲੇ ਕਿਸਾਨਾਂ ਨੂੰ 15 ਹਜਾਰ ਰੁਪਏ ਪ੍ਰਤੀ ਏਕੜ ਮੁਆਵਜਾ ਦੇਣਾ ਚਾਹੀਦਾ ਹੈ। ਉਨ੍ਹਾਂ ਆਗੂਆਂ ਨੂੰ ਸੰਬੋਧਨ ਕਰਦਿਆਂ ਪਾਰਟੀ ਵਲੋਂ ਸਿਆਸੀ ਸਰਗਰਮੀਆਂ ਨੂੰ ਵਧਾਉਣ ਲਈ 5 ਅਗਸਤ ਨੂੰ ਭਵਾਨੀਗੜ੍ਹ ਦੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਕੀਤੀ ਜਾ ਰਹੀ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਪਹੁੰਚਣ ਦਾ ਸੱਦਾ ਦਿੱਤਾ। ਦਲ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਬਚੀ ਨੇ ਕਿਹਾ ਕਿ ਦਲ ਵਲੋਂ ਜਲਦੀ ਹੀ ਜਥੇਬੰਧਕ ਢਾਂਚਾ ਬਣਾਇਆ ਜਾ ਰਿਹਾ ਹੈ , ਮਿਹਨਤੀ ਆਗੂਆਂ ਨੂੰ ਸ਼ਾਮਿਲ ਕਰਕੇ ਪਿੰਡ ਪੱਧਰ ’ਤੇ ਕਮੇਟੀਆਂ ਬਣਾਈਆਂ ਜਾਣਗੀਆਂ। ਇਸ ਮੌਕੇ ’ਤੇ ਸਰਕਲ ਪ੍ਰਧਾਨ ਨਿਹਾਲ ਸਿੰਘ ਨੰਦਗੜ੍ਹ, ਧਨਮਿੰਦਰ ਸਿੰਘ ਭੱਟੀਵਾਲ ਅਤੇ ਮੇਜਰ ਸਿੰਘ ਝਨੇੜੀ ਨੇ ਪਮਿੰਦਰ ਸਿੰਘ ਢੀਂਡਸਾ ਅਤੇ ਜਥੇਦਾਰ ਗੁਰਬਚਨ ਸਿੰਘ ਬਚੀ ਤੇ ਸਤਗੁਰ ਸਿੰਘ ਨਮੋਲ ਨੂੰ ਸਰੋਪਾ ਪਾਕੇ ਸਨਮਾਨਿਤ ਵੀ ਕੀਤਾ।