ਵਿਦਿਆਰਥੀਆਂ ’ਚ ਅਨੀਮੀਆ ਨੂੰ ਦੂਰ ਕਰਨ ਲਈ ਚੱਲ ਰਹੇ ਪਾਇਲਟ ਪ੍ਰੋਜੈਕਟ ਦਾ ਡੀ ਸੀ ਨੇ ਲਿਆ ਜਾਇਜ਼ਾ
ਵਿਦਿਆਰਥੀਆਂ ਨਾਲ ਬੈਠ ਕੇ ਸੁਣਿਆ ਪੋਸ਼ਣ ’ਤੇ ਅਧਾਰਿਤ ਵਿਸ਼ੇਸ਼ ਲੈਕਚਰ

ਸੰਗਰੂਰ, 20 ਸਤੰਬਰ:(ਗੁਰਵਿੰਦਰ ਸਿੰਘ ਰੋਮੀ)ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਕੂਲੀ ਵਿਦਿਆਰਥੀਆਂ ਵਿੱਚ ਅਨੀਮੀਆ ਨੂੰ ਦੂਰ ਕਰਨ ਲਈ ਆਰੰਭੇ ਪਾਇਲਟ ਪ੍ਰੋਜੈਕਟ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਲਈ ਹੋ ਰਹੇ ਉਪਰਾਲਿਆਂ ਦਾ ਜਾਇਜ਼ਾ ਲੈਣ ਲਈ ਅੱਜ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅਚਨਚੇਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਗੂਵਾਲਾ ਦਾ ਦੌਰਾ ਕੀਤਾ। ਆਪਣੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਲਾਸ ਰੂਮ ਵਿੱਚ ਸਕੂਲੀ ਵਿਦਿਆਰਥੀਆਂ ਨਾਲ ਬੈਠ ਕੇ ਸਮਾਈਲ ਫਾਊਂਡੇਸ਼ਨ ਦੀ ਨਿਊਟਰੀਸ਼ਨ ਮਾਹਿਰ ਵੱਲੋਂ ਸਪੈਸ਼ਲ ਸੈਸ਼ਨ ਤਹਿਤ ਦਿੱਤੇ ਜਾ ਰਹੇ ਲੈਕਚਰ ਨੂੰ ਸੁਣਿਆ ਅਤੇ ਖੁਦ ਵੀ ਵਿਦਿਆਰਥੀਆਂ ਨਾਲ ਸਵਾਲ ਜਵਾਬ ਕਰਕੇ ਉਨ੍ਹਾਂ ਨੂੰ ਪੌਸ਼ਟਿਕ ਭੋਜਨ ਖਾਣ ਦੇ ਸਰੀਰਕ ਤੇ ਮਾਨਸਿਕ ਫਾਇਦਿਆਂ ਬਾਰੇ ਜਾਣੂ ਕਰਵਾਇਆ।ਡਿਪਟੀ ਕਮਿਸ਼ਨਰ ਨੇ ਬੱਚਿਆਂ ਨੂੰ ਪ੍ਰੇਰਦਿਆਂ ਕਿਹਾ ਕਿ ਸੰਗਰੂਰ ਪ੍ਰਸ਼ਾਸਨ ਨੇ ਸਿਹਤ ਵਿਭਾਗ ਤੇ ਸਮਾਈਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਬੱਚਿਆਂ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਲਈ ਹੀ ਜ਼ਿਲ੍ਹੇ ਦੇ 21 ਸਰਕਾਰੀ ਸਕੂਲਾਂ ਵਿੱਚ ਇਹ ਪਾਇਲਟ ਪ੍ਰੋਜੈਕਟ ਆਰੰਭ ਕੀਤਾ ਹੈ ਅਤੇ ਇਸ ਦਾ ਤਾਹੀਂ ਫਾਇਦਾ ਹੈ ਜੇਕਰ ਬੱਚੇ ਆਇਰਨ ਭਰਪੂਰ ਭੋਜਨ ਅਤੇ ਇਸ ਦੇ ਸੇਵਨ ਦੇ ਸਹੀ ਤਰੀਕਿਆਂ ਬਾਰੇ ਚੰਗੀ ਤਰ੍ਹਾਂ ਜਾਣੂ ਹੋਣ ਅਤੇ ਆਪਣੀ ਸਿਹਤ ਦਾ ਖੁਦ ਧਿਆਨ ਰੱਖਣ। ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਦਿਲ ਲਗਾ ਕੇ ਪੜ੍ਹਾਈ ਕਰਨ ਅਤੇ ਭਵਿੱਖ ਵਿੱਚ ਬੁਲੰਦੀਆਂ ਹਾਸਲ ਕਰਨ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਜੇਕਰ ਸਿਹਤ ਚੰਗੀ ਹੋਵੇਗੀ ਤਾਂ ਸਰੀਰਕ ਤੇ ਮਾਨਸਿਕ ਵਿਕਾਸ ਸੰਤੁਲਿਤ ਹੋਵੇਗਾ। ਉਨ੍ਹਾਂ ਕਿਹਾ ਕਿ ਵਿਦਿਅਕ ਤੇ ਖੇਡ ਗਤੀਵਿਧੀਆਂ ਵਿੱਚ ਵੱਡੀਆਂ ਮੱਲਾਂ ਮਾਰਨ ਲਈ ਸੰਤੁਲਿਤ ਖੁਰਾਕ ਦਾ ਹੋਣਾ ਬੇਹੱਦ ਜ਼ਰੂਰੀ ਹੈ ਅਤੇ ਸਰੀਰ ਵਿੱਚ ਅਨੀਮੀਆ ਨਾਲ ਕਈ ਪ੍ਰਕਾਰ ਦੇ ਰੋਗਾਂ ਦਾ ਸਾਹਮਣਾ ਕਰਨਾ ਪੈਦਾ ਹੈ ਅਤੇ ਬਿਮਾਰ ਹੋਣ ਨਾਲ ਹਰ ਕੰਮ ਵਿੱਚ ਰੁਕਾਵਟ ਪੈ ਜਾਂਦੀ ਹੈ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਕੂਲ ਦੇ ਵਿਹੜੇ ਵਿੱਚ ਤਿਆਰ ਕੀਤੀ ਗਈ ‘ਕਿਚਨ ਗਾਰਡਨ’ ਦਾ ਵੀ ਜਾਇਜ਼ਾ ਲਿਆ ਅਤੇ ਅਹਿਮ ਖੁਰਾਕੀ ਤੱਤਾਂ ਨਾਲ ਭਰਪੂਰ ਦਾਲਾਂ ਸਬਜ਼ੀਆਂ ਨੂੰ ਨਿਰੰਤਰ ਪੈਦਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।ਇਸ ਮੌਕੇ ਸਹਾਇਕ ਕਮਿਸ਼ਨਰ ਜਸਪਿੰਦਰ ਸਿੰਘ, ਜ਼ਿਲ੍ਹਾ ਸਕੂਲ ਸਿਹਤ ਮੈਡੀਕਲ ਅਫ਼ਸਰ ਡਾ. ਅਮਨਜੋਤ, ਸਕੂਲ ਪ੍ਰਿੰਸੀਪਲ ਅਰਜੋਤ ਕੌਰ ਤੇ ਸਮੂਹ ਸਟਾਫ਼ ਵੀ ਹਾਜ਼ਰ ਸਨ।