ਭਵਾਨੀਗੜ੍ਹ (ਗੁਰਵਿੰਦਰ ਸਿੰਘ) : ਸ਼ਾਤਿਰ ਠੱਗ ਅੱਜਕੱਲ੍ਹ ਫੋਨ ’ਤੇ ਭੋਲੇ-ਭਾਲੇ ਲੋਕਾਂ ਨੂੰ ਨਵੇਂ ਢੰਗ ਤਰੀਕਿਆਂ ਨਾਲ ਆਪਣੀ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਸ਼ਹਿਰ ’ਚ ਆਨਲਾਈਨ ਧੋਖਾਧੜੀ ਦਾ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ’ਚ ਠੱਗ ਨੇ ਆਪਣੀਆਂ ਗੱਲਾਂ ’ਚ ਉਲਝਾ ਕੇ ਅਨਾਜ ਮੰਡੀ ਦੇ ਇਕ ਕਮਿਸ਼ਨ ਏਜੰਟ ਨੂੰ 5 ਲੱਖ ਰੁਪਏ ਦਾ ਚੂਨਾ ਲਗਾ ਦਿੱਤਾ। ਪੁਲਸ ਨੇ ਸ਼ਿਕਾਇਤ ਮਿਲਣ ’ਤੇ ਠੱਗੀ ਕਰਨ ਵਾਲੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਸਬੰਧੀ ਸਥਾਨਕ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਮਿਸ਼ਨ ਏਜੰਟ ਅਸ਼ੋਕ ਕੁਮਾਰ ਵਾਸੀ ਭਵਾਨੀਗੜ੍ਹ ਨੇ ਦੱਸਿਆ ਕਿ ਕਰੀਬ 5 ਮਹੀਨੇ ਪਹਿਲਾਂ 22 ਜੂਨ ਨੂੰ ਉਨ੍ਹਾਂ ਦੇ ਮੋਬਾਈਲ ਫ਼ੋਨ 'ਤੇ ਇਕ ਮੋਬਾਈਲ ਨੰਬਰ ਤੋਂ ਵਟਸਐਪ ਤੇ ਸਾਧਾਰਨ ਕਾਲ ਆਈ ਸੀ ਜਿਸ ਦੌਰਾਨ ਫੋਨ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਉਹ ਕੰਵਲਜੀਤ ਬੋਲ ਰਿਹਾ ਹੈ। ਅਸ਼ੋਕ ਕੁਮਾਰ ਅਨੁਸਾਰ ਕੰਵਲਜੀਤ ਨਾਂ ਦਾ ਵਿਅਕਤੀ ਪਹਿਲਾਂ ਉਨ੍ਹਾਂ ਦਾ ਕਿਸਾਨ ਗਾਹਕ ਵੀ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਫੋਨ ਕਰਨ ਵਾਲੇ ਵਿਅਕਤੀ ਨੇ ਉਸਨੂੰ ਉਸਦੇ ਖਾਤੇ ਵਿਚ 5 ਲੱਖ ਰੁਪਏ ਜਮ੍ਹਾ ਕਰਵਾਉਣ ਲਈ ਕਿਹਾ ਤੇ ਵਿਅਕਤੀ ਨੇ ਉਸ ਨੂੰ ਆਪਣੀਆਂ ਗੱਲਾਂ ਵਿਚ ਉਲਝਾ ਲਿਆ ਜਿਸਦੇ ਚੱਲਦਿਆਂ ਸ਼ਿਕਾਇਤਕਰਤਾ ਅਸ਼ੋਕ ਕੁਮਾਰ ਨੇ ਕਾਲ ਕਰਨ ਵਾਲੇ ਵਿਅਕਤੀ ਨੂੰ ਆਪਣਾ ਕਿਸਾਨ ਗ੍ਰਾਹਕ ਕੰਵਲਜੀਤ ਸਮਝ ਕੇ ਆਪਣੇ ਅਕਾਊਂਟੈਂਟ ਰਾਹੀਂ 5 ਲੱਖ ਰੁਪਏ ਉਕਤ ਵਿਅਕਤੀ ਵੱਲੋਂ ਦੱਸੇ ਖਾਤੇ ਵਿਚ ਜਮ੍ਹਾਂ ਕਰਵਾ ਦਿੱਤੇ। ਬਾਅਦ ਵਿਚ ਜਾਂਚ ਕਰਨ 'ਤੇ ਕਮਿਸ਼ਨ ਏਜੰਟ ਨੂੰ ਪਤਾ ਲੱਗਾ ਕਿ ਉਹ ਤਾਂ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਗਿਆ ਹੈ। ਉਧਰ, ਦੂਜੇ ਪਾਸੇ ਪੀੜਤ ਦੀ ਸ਼ਿਕਾਇਤ ’ਤੇ ਥਾਣਾ ਭਵਾਨੀਗੜ੍ਹ ਵਿਖੇ ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।