ਸੰਗਰੂਰ (ਯੁਵਰਾਜ ਹਸਨ)ਐਮ.ਪੀ. ਹਲਕਾ ਸੰਗਰੂਰ ਦਾ ਕੋਈ ਵੀ ਅਪਾਹਿਜ ਖੁਦ ਨੂੰ ਬੇਸਹਾਰਾ ਨਾ ਸਮਝੇ ਅਤੇ ਉਹ ਆਪਣੀ ਜਿੰਦਗੀ ਜਿਉਣ ਲਈ ਕਿਸੇ ਦੇ ਸਹਾਰੇ ਦਾ ਮੁਹਤਾਜ ਨਾ ਰਹੇ, ਇਹੋ ਮੇਰੀ ਦਿਲੀ ਇੱਛਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਸੰਗਰੂਰ ਦੇ ਮਾਤਾ ਕਾਲੀ ਦੇਵੀ ਮੰਦਿਰ ਪਟਿਆਲਾ ਗੇਟ ਵਿਖੇ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲਿਆ ਦਿਵਿਆਂਗਜਨ ਸਸ਼ਕਤੀਕਰਨ ਵਿਭਾਗ ਦੀ ਆਡਿਪ ਯੋਜਨਾ ਤਹਿਤ ਐਮ.ਪੀ. ਸੰਗਰੂਰ ਦੇ ਸੰਸਦੀ ਕੋਟੇ ਵਿੱਚੋਂ ਅਪਾਹਿਜਾਂ ਨੂੰ ਮੋਟਰਾਈਜਡ ਟ੍ਰਾਈਸਾਈਕਲਾਂ, ਵਹੀਲ ਚੇਅਰਾਂ ਸਮੇਤ ਹੋਰ ਸਹਾਇਕ ਉਪਕਰਨ ਵੰਡਣ ਲਈ ਰੱਖੇ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ | ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਵਿਕਲਾਂਗ ਪੁਨਰਵਾਸ ਕੇਂਦਰ ਸੰਗਰੂਰ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੌਰਾਨ ਜ਼ਿਲ੍ਹਾ ਸੰਗਰੂਰ ਦੇ ਲਗਭਗ 384 ਅਪਾਹਿਜ ਲਾਭਪਾਤਰਾਂ ਨੂੰ ਸਹਾਇਕ ਉਪਕਰਨ ਵੰਡੇ ਗਏ, ਜਿਨ੍ਹਾਂ ਵਿੱਚ 187 ਲੋੜਵੰਦਾਂ ਨੂੰ ਮੋਟਰਾਈਜਡ ਟ੍ਰਾਈਸਾਈਕਲਾਂ, 70 ਟ੍ਰਾਈਸਾਈਕਲਾਂ, 53 ਵਹੀਲ ਚੇਅਰਾਂ, 12 ਸਮਾਰਟ ਫੋਨ, 5 ਸੀਪੀ ਚੇਅਰ, 22 ਬਲਾਇੰਡ ਵਾਕਿੰਗ ਸਟਿਕਾਂ ਸਮੇਤ ਹੋਰ ਵੱਖ-ਵੱਖ ਉਪਕਰਨ ਸ਼ਾਮਲ ਹਨ |
ਸ. ਮਾਨ ਨੇ ਕਿਹਾ ਕਿ ਉਹ ਹਲਕਾ ਨਿਵਾਸੀਆਂ ਦੇ ਹਮੇਸ਼ਾ ਰਿਣੀ ਰਹਿਣਗੇ, ਜਿਨ੍ਹਾਂ ਨੇ ਆਪਣਾ ਨੁੰਮਾਇੰਦਾ ਚੁਣ ਕੇ ਉਨ੍ਹਾਂ ਨੂੰ ਸੰਸਦ ਵਿੱਚ ਪਹੁੰਚਾਇਆ | ਇਸ ਲਈ ਉਨ੍ਹਾਂ ਦੀ ਵੀ ਜਿੰਮੇਵਾਰੀ ਬਣਦੀ ਹੈ ਕਿ ਉਨ੍ਹਾਂ ਦੇ ਹਲਕੇ ਦਾ ਕੋਈ ਵੀ ਵਰਗ ਦੁਖੀ ਅਤੇ ਅਸਹਾਇ ਨਾ ਹੋਵੇ | ਉਨ੍ਹਾਂ ਦੱਸਿਆ ਕਿ ਹਲਕੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਉਹ ਆਪਣੇ ਵੱਲੋਂ ਹਰ ਸੰਭਵ ਉਪਰਾਲੇ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਐਮ.ਪੀ. ਕੋਟੇ ਅਧੀਨ ਅਨੇਕਾਂ ਹੀ ਲੋਕ ਭਲਾਈ ਸਕੀਮਾਂ ਆਉਂਦੀਆਂ ਹਨ ਪਰ ਜਾਣਕਾਰੀ ਦੀ ਘਾਟ ਕਰਕੇ ਲੋੜਵੰਦ ਲੋਕ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ | ਇਸ ਲਈ ਉਨ੍ਹਾਂ ਦੀ ਪਾਰਟੀ ਵੱਲੋਂ ਸਮੇਂ-ਸਮੇਂ 'ਤੇ ਕੈਂਪ ਲਗਾ ਕੇ ਜਿੱਥੇ ਇਨ੍ਹਾਂ ਲੋਕ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾਂਦਾ ਹੈ, ਉੱਥੇ ਹੀ ਇਨ੍ਹਾਂ ਸਕੀਮਾਂ ਦਾ ਲਾਭ ਲੋੜਵੰਦਾਂ ਤੱਕ ਪੁੱਜਦਾ ਕਰਨ ਕੈਂਪ ਲਗਾ ਕੇ ਫਾਰਮ ਵੀ ਭਰਵਾਏ ਜਾਂਦੇ ਹਨ, ਤਾਂ ਜੋ ਕੋਈ ਵੀ ਲੋੜਵੰਦ ਪਰਿਵਾਰ ਸਰਕਾਰੀ ਸਕੀਮਾਂ ਦਾ ਲਾਭ ਤੋਂ ਵਾਂਝਾ ਨਾ ਰਹੇ | ਉਨ੍ਹਾਂ ਦੱਸਿਆ ਕਿ ਅੱਜ ਜੋ ਸਹਾਇਕ ਉਪਕਰਨ ਵੰਡੇ ਜਾ ਰਹੇ ਹਨ, ਉਨ੍ਹਾਂ ਲਈ ਵੀ ਪਹਿਲਾਂ ਅਸੈਸਮੈਂਟ ਕੈਂਪ ਲਗਾ ਕੇ ਫਾਰਮ ਭਰਵਾਏ ਗਏ ਸੀ ਅਤੇ ਯੋਗ ਪਾਏ ਗਏ 384 ਲਾਭਪਾਤਰਾਂ ਨੂੰ ਅੱਜ ਸਹਾਇਕ ਉਪਕਰਨ ਵੰਡੇ ਜਾ ਰਹੇ ਹਨ, ਜਿਸਦੇ ਲਈ ਅਸੀਂ ਭਾਰਤ ਸਰਕਾਰ ਵੱਲੋਂ ਦਿੱਤੇ ਸਹਿਯੋਗ ਦਾ ਵੀ ਧੰਨਵਾਦ ਕਰਦੇ ਹਾਂ | ਇਸ ਮੌਕੇ ਪਾਰਟੀ ਦੇ ਪੀਏਸੀ ਮੈਂਬਰ ਸ. ਬਹਾਦਰ ਸਿੰਘ ਭਸੌੜ, ਪੀਏ ਗੁਰਜੰਟ ਸਿੰਘ ਕੱਟੂ, ਜਥੇਦਾਰ ਗੁਰਨੈਬ ਸਿੰਘ ਰਾਮਪੁਰਾ, ਜਥੇਦਾਰ ਦਰਸ਼ਨ ਸਿੰਘ ਮੰਡੇਰ ਪ੍ਰਧਾਨ ਜ਼ਿਲ੍ਹਾ ਬਰਨਾਲਾ, ਵਾਸਵੀਰ ਸਿੰਘ ਭੁੱਲਰ, ਜਥੇਦਾਰ ਹਰਜੀਤ ਸਿੰਘ ਸੰਜੂਮਾਂ, ਜਥੇਦਾਰ ਹਰਬੰਸ ਸਿੰਘ ਸਲੇਮਪੁਰ, ਅਮਰਜੀਤ ਸਿੰਘ ਬਾਦਸ਼ਾਹਪੁਰ, ਯੂਥ ਆਗੂ ਸਤਨਾਮ ਸਿੰਘ ਰੱਤੋਕੇ, ਡਾ. ਜਗਰੂਪ ਸਿੰਘ ਬਰਨਾਲਾ, ਗੁਰਸੇਵਕ ਸਿੰਘ ਸਰਪੰਚ ਮੰਨਿਆਣਾ, ਅਰਸ਼ਦੀਪ ਸਿੰਘ ਦਿੜ੍ਹਬਾ, ਸੁਖਪ੍ਰੀਤ ਸਿੰਘ ਸੁੱਖੀ, ਯਾਦਵਿੰਦਰ ਸਿੰਘ, ਅਰਸ਼ਦੀਪ ਸਿੰਘ ਚਹਿਲ ਸਮੇਤ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਤੋਂ ਇਲਾਵਾ ਤੋਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਐਸ.ਡੀ.ਐਮ. ਸੰਗਰੂਰ, ਜ਼ਿਲ੍ਹਾ ਸਮਾਜਿਕ ਅਫਸਰ ਡਾ. ਲਵਲੀਨ ਕੌਰ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ |