ਸੁਨਾਮ (ਗੁਰਵਿੰਦਰ ਸਿੰਘ ਰੋਮੀ)ਪਿਛਲੇ ਸਮਿਆਂ ਦੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਪਿਛਲੇ 74 ਸਾਲਾਂ ਤੋਂ ਬਕਾਇਆ ਚੱਲੇ ਆ ਰਹੇ ਲੋਕਾਂ ਦੇ ਅਹਿਮ ਮਸਲਿਆਂ ਨੂੰ ਤਰਜੀਹੀ ਆਧਾਰ ’ਤੇ ਨੇਪਰੇ ਚੜ੍ਹਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੂਰੀ ਗਰਮਜੋਸ਼ੀ, ਇਮਾਨਦਾਰੀ ਤੇ ਤਨਦੇਹੀ ਨਾਲ ਜੁਟੀ ਹੋਈ ਹੈ ਅਤੇ ਅਜਿਹੇ ਹੀ ਯਤਨਾਂ ਤਹਿਤ ਲੋਕ ਹਿੱਤਾਂ ਨੂੰ ਪ੍ਰਮੁੱਖਤਾ ਦੇ ਆਧਾਰ ’ਤੇ ਧਿਆਨ ਵਿੱਚ ਰੱਖਦੇ ਹੋਏ ਆਪ ਸਰਕਾਰ ਵੱਲੋਂ ਬਹੁ ਕਰੋੜੀ ਪ੍ਰੋਜੈਕਟਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ, ਛਪਾਈ ਤੇ ਲਿਖਣ ਸਮੱਗਰੀ, ਪ੍ਰਸ਼ਾਸਕੀ ਸੁਧਾਰ ਤੇ ਸ਼ਿਕਾਇਤ ਨਿਵਾਰਨ, ਰੋਜ਼ਗਾਰ ਉਤਪਤੀ ਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਅੱਜ ਸੁਨਾਮ ਹਲਕੇ ਦੇ ਪਿੰਡ ਨਾਗਰਾ ਵਿਖੇ ਨਹਿਰੀ ਪਾਣੀ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਉਣ ਲਈ 6.37 ਕਰੋੜ ਰੁਪਏ ਦੀ ਲਾਗਤ ਨਾਲ 26 ਕਿਲੋਮੀਟਰ ਲੰਬੀ ਪਾਈਪਲਾਈਨ ਵਿਛਾਉਣ ਲਈ ਵਿਸ਼ੇਸ਼ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜ਼ਮੀਨਦੋਜ਼ ਪਾਈਪਲਾਈਨਾਂ ਰਾਹੀਂ ਕਰੀਬ 1350 ਕਿੱਲਿਆਂ ਨੂੰ ਨਹਿਰੀ ਪਾਣੀ ਮਿਲ ਸਕੇਗਾ। ਉਹਨਾਂ ਦੱਸਿਆ ਕਿ ਪਿਛਲੇ 74 ਸਾਲਾਂ ਦੇ ਇਤਿਹਾਸ ਵਿੱਚ ਭੂਮੀ ਅਤੇ ਜਲ ਸੰਭਾਲ ਵਿਭਾਗ ਦਾ ਇਹ ਹੁਣ ਤੱਕ ਦਾ ਲਾਗਤ ਪੱਖੋਂ ਅਤੇ ਆਰਸੀਸੀ ਪਾਈਪ ਲਾਈਨ ਦੀ ਲੰਬਾਈ ਪੱਖੋਂ ਸੂਬੇ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੈ।ਕੈਬਨਿਟ ਮੰਤਰੀ ਅਮਨ ਅਰੋੜਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਆਰੰਭ ਹੋਣ ਨਾਲ ਨਾਗਰਾ ਪਿੰਡ, ਰਾਜ ਦਾ ਅਜਿਹਾ ਪਹਿਲਾ ਪਿੰਡ ਬਣ ਗਿਆ ਹੈ, ਜਿਥੇ ਸਿਰਫ ਇੱਕ ਪਿੰਡ ਵਿੱਚ ਏਨੀ ਵੱਡੀ ਰਾਸ਼ੀ ਨਾਲ ਨਹਿਰੀ ਪਾਣੀ ਦੀ ਖੇਤਾਂ ਤੱਕ ਪਹੁੰਚ ਸਬੰਧੀ ਇਹ ਪ੍ਰੋਜੈਕਟ ਮਾਨ ਸਰਕਾਰ ਵੱਲੋਂ ਮੰਜੂਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਇਸੇ ਵਰ੍ਹੇ ਅੰਦਰ ਮੁਕੰਮਲ ਹੋ ਜਾਵੇਗਾ ਜਿਸ ਨਾਲ 540 ਹੈਕਟੇਅਰ ਰਕਬਾ ਖੇਤੀ ਦੀ ਸਿੰਚਾਈ ਲਈ ਕਵਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ’ਤੇ ਆਉਣ ਵਾਲੀ ਕੁਲ ਲਾਗਤ 6.37 ਕਰੋੜ ਵਿੱਚੋਂ 5.73 ਕਰੋੜ ਰੁਪਏ ਦੀ ਸਬਸਿਡੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਨਾਲ 260 ਪਰਿਵਾਰਾਂ ਨੂੰ ਲਾਭ ਮਿਲੇਗਾ ਅਤੇ ਫਸਲ ਦੀ ਪੈਦਾਵਾਰ ਵਿੱਚ ਵੱਡਾ ਵਾਧਾ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਹੇਠਾਂ ਡਿੱਗ ਰਹੇ ਪੱਧਰ ਨੂੰ ਬਚਾਉਣ ਲਈ ਨਹਿਰੀ ਪਾਣੀ ਦੀ ਵਧੇਰੇ ਵਰਤੋਂ ਲਈ ਕਿਸਾਨਾਂ ਨੂੰ ਨਿਰੰਤਰ ਪੇ੍ਰਰਿਤ ਕੀਤਾ ਜਾ ਰਿਹਾ ਹੈ ਅਤੇ ਅਜਿਹੇ ਹੀ ਇੱਕ ਪ੍ਰੋਜੈਕਟ ਤਹਿਤ ਪਹਿਲਾਂ ਹੀ ਵਿਧਾਨ ਸਭਾ ਹਲਕਾ ਸੁਨਾਮ ਵਿਖੇ ਕਰੀਬ 68 ਕਰੋੜ ਰੁਪਏ ਦੀ ਲਾਗਤ ਵਾਲਾ ਪ੍ਰੋਜੈਕਟ ਪ੍ਰਗਤੀ ਅਧੀਨ ਹੈ ਜਿਸ ਤਹਿਤ ਕਰੀਬ 50 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਦੂਰਅੰਦੇਸ਼ੀ ਸੋਚ ਸਦਕਾ ਤੇ ਵੱਡੇ ਕਿਸਾਨੀ ਹਿੱਤਾਂ ਨੂੰ ਧਿਆਨ ਵਿੱਚ ਰੱਖਿਆ ਜਿਸ ਤਹਿਤ ਹਰ ਖੇਤ ਨੂੰ ਨਹਿਰੀ ਪਾਣੀ ਪਹੁੰਚਾਉਣ ਦੀ ਇਹ ਮੁਹਿੰਮ ਜੋਸ਼ੋ ਖਰੋਸ਼ ਨਾਲ ਲਾਗੂ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਪੰਜਾਬ ਦੀ ਜਿੰਦ ਜਾਨ ਹਨ, ਖੇਤ ਕਿਸਾਨਾਂ ਦੀ ਜਿੰਦ ਜਾਨ ਹਨ ਅਤੇ ਨਹਿਰੀ ਪਾਣੀ ਖੇਤਾਂ ਦੀ ਜਿੰਦ ਜਾਨ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸਾਨਾਂ, ਖੇਤਾਂ ਤੇ ਨਹਿਰੀ ਪਾਣੀਆਂ ਨਾਲ ਜੁੜੇ ਸਾਰੇ ਹੀ ਮਸਲੇ ਤਰਜੀਹੀ ਆਧਾਰ ’ਤੇ ਪੂਰਾ ਕਰਨ ਵਿੱਚ ਜੁਟੇ ਹੋਏ ਹਨ।ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਨਹਿਰੀ ਮੋਘਿਆਂ ਤੇ ਨਹਿਰੀ ਖਾਲਿਆਂ ਨੂੰ ਤਰਜੀਹ ਦੇ ਅਧਾਰ ’ਤੇ ਮੁੜ ਸੁੁਰਜੀਤ ਕਰਨ ਦੀ ਇਹ ਮੁਹਿੰਮ ਪੰਜਾਬ ਦੇ ਹਰ ਉਸ ਪਿੰਡ ਦੇ ਲੋੜਵੰਦ ਕਿਸਾਨ ਤੱਕ ਪਹੁੰਚਾਈ ਜਾਵੇਗੀ ਜੋ ਕਿ ਖੇਤੀਬਾੜੀ ਦੇ ਕਿੱਤੇ ਨਾਲ ਆਪਣੀ ਆਜੀਵਿਕਾ ਕਮਾ ਰਿਹਾ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਪੰਜਾਬ ਸਰਕਾਰ ਦਾ ਇਸ ਉਦਮ ਲਈ ਧੰਨਵਾਦ ਕੀਤਾ। ਇਸ ਮੌਕੇ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਐਕਸੀਅਨ ਗੁਰਵਿੰਦਰ ਸਿੰਘ ਢਿੱਲੋਂ , ਅਵਤਾਰ ਸਿੰਘ ਤਾਰੀ, ਲਖਵਿੰਦਰ ਸਿੰਘ ਐਸਡੀਓ, ਸੂਬੇਦਾਰ ਕੁਲਵਿੰਦਰ ਸਿੰਘ, ਗੁਰਤੇਜ ਸਿੰਘ, ਗੁਰਿੰਦਰ ਪਾਲ ਖੇੜੀ, ਦੀਪ ਸਰਪੰਚ ਕਨੋਈ, ਸਾਬਕਾ ਸਰਪੰਚ ਗੁਰਚਰਨ ਸਿੰਘ ਵੀ ਹਾਜ਼ਰ ਸਨ