ਭਵਾਨੀਗੜ੍ਹ, 10 ਜੂਨ (ਗੁਰਵਿੰਦਰ ਸਿੰਘ)-ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਲਗਾਤਾਰ ਸਿੱਖਿਆ, ਵਾਤਾਵਰਨ ਅਤੇ ਸਿਹਤ ਦੇ ਖੇਤਰਾਂ ਵਿੱਚ ਸੁਧਾਰ ਲਿਆਉਣ ਦੇ ਮੰਤਵ ਨਾਲ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਜ਼ਿਕਰਯੋਗ ਹੈ ਕਿ ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਹਰ ਸਾਲ ਲੱਖਾਂ ਦਰਖਤ ਲਗਾ ਕੇ ਮਿਸ਼ਨ ਹਰਿਆਲੀ ਚਲਾਇਆ ਜਾਂਦਾ ਹੈ ਅਤੇ ਹਰ ਸਾਲ ਵੱਖ ਵੱਖ ਜ਼ਿਲਿਆਂ ਵਿੱਚ ਕੈਂਸਰ ਅਵੇਅਰਨੈਸ ਅਤੇ ਚੈਕਅਪ ਕੈਂਪ ਲਗਾਏ ਜਾਂਦੇ ਹਨ। ਜਾਣਕਾਰੀ ਦਿੰਦੇ ਹੋਏ ਆਪਣਾ ਪੰਜਾਬ ਫਾਊਂਡੇਸ਼ਨ ਦੇ ਡਾਇਰੈਕਟਰ ਅਨਿਲ ਮਿੱਤਲ ਨੇ ਦੱਸਿਆ ਕਿ ਫੈਡਰੇਸ਼ਨ ਅਤੇ ਆਪਣਾ ਪੰਜਾਬ ਫਾਊਂਡੇਸ਼ਨ ਦੇ ਚੇਅਰਮੈਨ ਡਾ. ਜਗਜੀਤ ਸਿੰਘ ਧੂਰੀ ਦੀ ਸਰਪ੍ਰਸਤੀ ਹੇਠ ਪਿਛਲੇ ਵਰ੍ਹੇ ਪਹਿਲਾ ਅੰਤਰਰਾਸ਼ਟਰੀ ਸਿੱਖਿਆ ਸੰਮੇਲਨ ਡੁਬਈ ਵਿਖੇ ਹੋਇਆ ਸੀ ਜਿਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਡੈਲੀਗੇਟਸ ਪਹੁੰਚੇ ਸਨ। ਇਸ ਵਾਰ 2 ਜੂਨ ਤੋਂ 8 ਜੂਨ ਤੱਕ ਇਹ ਅੰਤਰਰਾਸ਼ਟਰੀ ਸਿੱਖਿਆ ਸੰਮੇਲਨ ਵਿਅਤਨਾਮ ਦੀ ਰਾਜਧਾਨੀ ਹਨੋਈ ਵਿਖੇ ਸਫਲਤਾਪੂਰਵਕ ਹੋਇਆ। ਇਸ ਸੰਮੇਲਨ ਦਾ ਵਿਸ਼ਾ ਆਉਟਕਮ ਬੇਸਡ ਐਜੂਕੇਸ਼ਨ ਸੀ। ਉਹਨਾਂ ਦੱਸਿਆ ਕਿ ਵੱਖ- ਵੱਖ ਦੇਸ਼ਾਂ ਦੇ ਡੈਲੀਗੇਟਸ ਦੇ ਨਾਲ- ਨਾਲ ਉਹਨਾਂ ਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਮਿਲਿਆ। ਇਸ ਮੌਕੇ ਮਿਲੇ ਗਲੋਬਲ ਪ੍ਰੈਸਟੀਜਸ ਐਵਾਰਡ / ਗੈਸਟ ਆਫ ਆਨਰ ਮਿਲਣ ਤੇ ਉਹਨਾਂ ਫਾਊਂਡੇਸ਼ਨ ਦਾ ਧੰਨਵਾਦ ਕੀਤਾ। 6 ਘੰਟੇ ਇਸ ਚੱਲੀ ਕਾਨਫਰੰਸ ਵਿੱਚ ਡਾ. ਜਗਜੀਤ ਸਿੰਘ ਧੂਰੀ ਨੇ ਸਿੱਖਿਆ ਦੇ ਉਦੇਸ਼ਾਂ ਦੀ ਪੂਰਤੀ ਲਈ ਪੜ੍ਹਾਉਣ ਦੇ ਵੱਖਰੇ -ਵੱਖਰੇ ਤਰੀਕਿਆਂ ਉੱਪਰ ਚਾਨਣਾ ਪਾਇਆ ਜਿਸ ਨਾਲ ਵਿਦਿਆਰਥੀ ਅੱਜ ਦੇ ਸਮੇਂ ਦੇ ਹਾਣੀ ਬਣ ਸਕਣ। ਇਸ ਮੌਕੇ ਸਿੱਖਿਆ ਦੇ ਖੇਤਰ ਵਿੱਚ ਸੇਵਾਵਾਂ ਨਿਭਾਉਣ ਵਾਲੇ ਐਡੂਪਨਿਉਰਸ ਅਤੇ ਪ੍ਰਿੰਸੀਪਲਾਂ ਨੂੰ ਸਨਮਾਨਿਤ ਕੀਤਾ ਗਿਆ। ਡੈਲੀਗੇਟਸ ਤੋਂ ਇਲਾਵਾ ਸੰਮੇਲਨ ਵਿੱਚ ਪਹੁੰਚੇ ਵੱਖ -ਵੱਖ ਮਹਿਮਾਨਾਂ ਨੂੰ ਵੀ ਐਵਾਰਡ ਆਫ ਆਨਰ ਨਾਲ ਨਿਵਾਜਿਆ ਗਿਆ। ਜ਼ਿਕਰਯੋਗ ਹੈ ਕਿ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ ਅਤੇ ਆਪਣਾ ਪੰਜਾਬ ਫਾਊਂਡੇਸ਼ਨ ਦਾ ਇਹ ਉਪਰਾਲਾ ਹਰ ਸਾਲ ਜੂਨ ਦੇ ਪਹਿਲੇ ਹਫਤੇ ਜਾਰੀ ਰਹੇਗਾ।