ਸੰਗਰੂਰ, 28 ਅਕਤੂਬਰ (ਗੁਰਵਿੰਦਰ ਸਿੰਘ) ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਲੇਖਕ ਭਵਨ ਸੰਗਰੂਰ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਹੋਇਆ, ਜਿਸ ਦੀ ਪ੍ਰਧਾਨਗੀ ਸ੍ਰੀ ਮੂਲ ਚੰਦ ਸ਼ਰਮਾ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਨੇ ਕੀਤੀ। ਇਸ ਸਮਾਗਮ ਵਿੱਚ ਸ੍ਰੀ ਮਹਿੰਦਰ ਸਿੰਘ ਭੱਠਲ ਪ੍ਰਧਾਨ ਖੇਤੀਬਾੜੀ ਕਿਸਾਨ ਫਰੰਟ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਬਾਬਾ ਬੰਦਾ ਸਿੰਘ ਬਹਾਦਰ ਬਾਰੇ ਵਿਚਾਰ-ਚਰਚਾ ਦਾ ਆਰੰਭ ਕਰਦਿਆਂ ਪੰਥਕ ਕਵੀ ਲਾਭ ਸਿੰਘ ਝੱਮਟ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਕਲਿਆਣਕਾਰੀ ਮਿਸ਼ਨ ਨੂੰ ਅੱਗੇ ਵਧਾਉਣ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਭੂਮਿਕਾ ਬੜੀ ਅਹਿਮ ਹੈ। ਗੱਲਬਾਤ ਨੂੰ ਅੱਗੇ ਤੋਰਦਿਆਂ ਮਹਿੰਦਰ ਸਿੰਘ ਭੱਠਲ ਨੇ ਕਿਹਾ ਹਲਵਾਹਕਾਂ ਨੂੰ ਜ਼ਮੀਨਾਂ ਦੇ ਹੱਕ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਨਕਲਾਬੀ ਕਦਮ ਚੁੱਕਿਆ। ਅਮਰ ਗਰਗ ਕਲਮਦਾਨ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੰਘਰਸ਼ ਦੀ ਨਬਜ਼ ਨੂੰ ਪਛਾਣਨ ਵਾਲੇ ਲੋਕ ਨਾਇਕ ਸਨ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਸ੍ਰੀ ਮੂਲ ਚੰਦ ਸ਼ਰਮਾ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਸ਼ੁਰੂ ਹੋਏ ਸੰਵਾਦ ਨੂੰ ਵਿਆਪਕ ਰੂਪ ਦੇਣ ਦੀ ਜ਼ਰੂਰਤ ਹੈ। ਕਰਮ ਸਿੰਘ ਜ਼ਖ਼ਮੀ, ਸਰਬਜੀਤ ਸਿੰਘ ਨਮੋਲ, ਪਵਨ ਕੁਮਾਰ ਹੋਸ਼ੀ, ਮੂਲ ਚੰਦ ਸ਼ਰਮਾ, ਬਿੱਕਰ ਸਿੰਘ ਸਟੈਨੋ, ਰਜਿੰਦਰ ਸਿੰਘ ਰਾਜਨ, ਸੁਖਵਿੰਦਰ ਸਿੰਘ ਲੋਟੇ, ਜਗਜੀਤ ਸਿੰਘ ਲੱਡਾ, ਅਮਰ ਗਰਗ ਕਲਮਦਾਨ, ਲਾਭ ਸਿੰਘ ਝੱਮਟ, ਚਰਨਜੀਤ ਸਿੰਘ ਮੀਮਸਾ, ਸ਼ਸ਼ੀ ਬਾਲਾ, ਨਵਜੋਤ ਕੌਰ, ਗੁਰਮੀਤ ਸਿੰਘ ਸੋਹੀ, ਸਰਬਜੀਤ ਸੰਗਰੂਰਵੀ, ਗੋਬਿੰਦ ਸਿੰਘ ਤੂਰਬਨਜਾਰਾ, ਬਲਜੀਤ ਸਿੰਘ ਬਾਂਸਲ, ਬਲਜਿੰਦਰ ਬੱਲੀ ਈਲਵਾਲ, ਨਿਰਭੈ ਸਿੰਘ ਭੱਠਲ ਅਤੇ ਬਹਾਦਰ ਸਿੰਘ ਧੌਲਾ ਆਦਿ ਕਵੀਆਂ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ ਹਾਜ਼ਰੀ ਲਵਾਈ। ਅੰਤ ਵਿੱਚ ਕਰਮ ਸਿੰਘ ਜ਼ਖ਼ਮੀ ਨੇ ਸਾਰੇ ਆਏ ਸਾਹਿਤਕਾਰਾਂ ਲਈ ਧੰਨਵਾਦੀ ਸ਼ਬਦ ਕਹੇ ਅਤੇ ਮੰਚ ਸੰਚਾਲਨ ਦੀ ਭੂਮਿਕਾ ਸੁਖਵਿੰਦਰ ਸਿੰਘ ਲੋਟੇ ਨੇ ਬਾਖ਼ੂਬੀ ਨਿਭਾਈ।ਸਮਾਗਮ ਉਪਰੰਤ ਸਭਾ ਦੀ ਕਾਰਜਕਾਰਨੀ ਦੀ ਵਿਸ਼ੇਸ਼ ਇਕੱਤਰਤਾ ਸਭਾ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਦੀ ਪ੍ਰਧਾਨਗੀ ਵਿੱਚ ਹੋਈ, ਜਿਸ ਵਿੱਚ ਸਭਾ ਦੇ 24 ਨਵੰਬਰ ਨੂੰ ਹੋਣ ਵਾਲੇ ਸਮਾਗਮ ਦੀ ਰੂਪ-ਰੇਖਾ ਸਬੰਧੀ ਵਿਚਾਰ-ਵਟਾਂਦਰਾ ਹੋਇਆ। ਇਸ ਮੌਕੇ ਸਰਬਸੰਮਤੀ ਨਾਲ ਸਭਾ ਵੱਲੋਂ ਦਿੱਤੇ ਜਾਣ ਵਾਲੇ ਸਾਲਾਨਾ ਪੁਰਸਕਾਰਾਂ ਸਬੰਧੀ ਸਾਹਿਤਕਾਰਾਂ ਦੇ ਨਾਂਵਾਂ ਦੀ ਚੋਣ ਵੀ ਕੀਤੀ ਗਈ, ਜਿਸ ਮੁਤਾਬਿਕ ਡਾ. ਪ੍ਰੀਤਮ ਸੈਣੀ ਵਾਰਤਕ ਪੁਰਸਕਾਰ ਸ੍ਰੀ ਪੰਮੀ ਫੱਗੂਵਾਲੀਆ ਨੂੰ, ਲੋਕ ਕਵੀ ਸੰਤ ਰਾਮ ਉਦਾਸੀ ਪੁਰਸਕਾਰ ਸ੍ਰੀਮਤੀ ਵਿਰਕ ਪੁਸ਼ਪਿੰਦਰ ਨੂੰ, ਗੁਰਮੇਲ ਮਡਾਹੜ ਗਲਪ ਪੁਰਸਕਾਰ ਸ੍ਰੀ ਰਣਜੀਤ ਆਜ਼ਾਦ ਕਾਂਝਲਾ ਨੂੰ ਅਤੇ ਕਵੀ ਗੁਰਬੀਰ ਸਿੰਘ ਬੀਰ ਵਿਰਾਸਤੀ ਪੁਰਸਕਾਰ ਭਾਈ ਚਮਕੌਰ ਸਿੰਘ ਚਮਨ ਦੇ ਢਾਡੀ ਜਥੇ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ। ਪਾਸ ਕੀਤੇ ਗਏ ਇੱਕ ਹੋਰ ਮਤੇ ਵਿੱਚ ਫ਼ੈਸਲਾ ਕੀਤਾ ਗਿਆ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੀ ਸਰਪ੍ਰਸਤੀ ਹੇਠ ਹੋਣ ਵਾਲੇ ਇਸ ਸਾਲਾਨਾ ਸਮਾਗਮ ਦੀ ਪ੍ਰਧਾਨਗੀ ਡਾ. ਭੀਮਇੰਦਰ ਸਿੰਘ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਕਰਨਗੇ ਅਤੇ ਬੀਬੀ ਨਰਿੰਦਰ ਕੌਰ ਭਰਾਜ ਐੱਮ. ਐੱਲ. ਏ. ਵਿਧਾਨ ਸਭਾ ਹਲਕਾ ਸੰਗਰੂਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।