ਕੜਾਕੇ ਦੀ ਠੰਡ ਚ ਮੋਬਾਇਲ ਟਾਵਰ ਦੇ ਵਿਰੋਧ ਚ ਪੱਕਾ ਮੋਰਚਾ ਜਾਰੀ
ਟਾਵਰ ਅਬਾਦੀ ਤੋ ਦੂਰ ਲਾਇਆ ਜਾਵੇ ਇਸ ਦੇ ਨਤੀਜੇ ਮਾੜੇ : ਧਰਨਾਕਾਰੀ

ਭਵਾਨੀਗੜ (ਯੁਵਰਾਜ ਹਸਨ) ਭਵਾਨੀਗੜ ਬਲਿਆਲ ਰੋਡ ਉੱਪਰ ਐਫ ਸੀ ਗਦਾਮਾ ਦੇ ਨੇੜੇ ਆਦਰਸ਼ ਨਗਰ ਵਿਖੇ ਜੇ.ਡੀ ਨਿਰਾਲੇ ਬਾਬਾ ਮੰਦਰ ਤੇ ਪਸ਼ੂ ਪੰਛੀ ਹਸਪਤਾਲ ਦੇ ਨੇੜੇ ਸ਼ਹਿਰ ਨਿਵਾਸੀਆਂ ਦੇ ਵਿਰੋਧ ਦੇ ਬਾਵਜੂਦ ਇੱਕ ਨਿੱਜੀ ਕੰਪਨੀ ਵੱਲੋਂ ਲਗਾਏ ਜਾ ਰਹੇ ਮੋਬਾਈਲ ਟਾਵਰ ਦੇ ਵਿਰੋਧ ਵਿੱਚ ਸ਼ਹਿਰ ਨਿਵਾਸੀਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਹਿਯੋਗ ਨਾਲ ਲਗਾਏ ਗਏ ਪੱਕੇ ਮੋਰਚੇ ਦੌਰਾਨ ਅੱਜ ਸ਼ਹਿਰ ਨਿਵਾਸੀਆਂ ਵੱਲੋਂ ਮੋਬਾਇਲ ਕੰਪਨੀ ਅਤੇ ਸਥਾਨਕ ਪ੍ਰਸ਼ਾਸਨ ਦੇ ਵਿਰੁੱਧ ਜ਼ੋਰਦਾਰ ਨਾਰੇਬਾਜੀ ਕੀਤੀ ਗਈ।ਇਸ ਮੌਕੇ ਇਸ ਮੌਕੇ ਰੋਸ ਜਾਹਿਰ ਕਰਦਿਆਂ ਮੰਗਤ ਸ਼ਰਮਾ, ਗੁਰਪ੍ਰੀਤ ਸਿੰਘ ਬਾਬਾ, ਜੋਗਿੰਦਰ ਸਿੰਘ ਸੈਕਟਰੀ, ਮਲਕੀਤ ਸਿੰਘ, ਈਸ਼ਰ ਸਿੰਘ, ਗੁਰਬਚਨ ਸਿੰਘ, ਕਰਨੈਲ ਸਿੰਘ ਸਾਬਕਾ ਪ੍ਰਧਾਨ ਐਫਸੀਆਈ ਪੱਲੇਦਾਰ ਯੂਨੀਅਨ, ਅਮਰਜੀਤ ਸਿੰਘ, ਕਰਨੈਲ ਸਿੰਘ, ਰੋਡਾ ਸਿੰਘ, ਹਰਦੀਪ ਸਿੰਘ, ਪ੍ਰੇਮ ਚੰਦ, ਜੈਪਾਲ ਸਿੰਘ, ਸਤਨਾਮ ਸਿੰਘ ਲੋਟੇ ਤੇ ਰਾਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮੌਜੂਦ ਸ਼ਹਿਰ ਨਿਵਾਸੀਆਂ ਨੇ ਕਿਹਾ ਕਿ ਇੱਕ ਨਿੱਜੀ ਮੋਬਾਇਲ ਕੰਪਨੀ ਵੱਲੋਂ ਲੋਕਾਂ ਦੇ ਰੋਸ ਦੇ ਬਾਵਜੂਦ ਵੀ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਸ ਖੇਤਰ ਦੇ ਵਿੱਚ ਧੱਕੇ ਨਾਲ ਮੋਬਾਇਲ ਟਾਵਰ ਲਗਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੋਬਾਈਲ ਟਾਵਰ ਮਨੁੱਖੀ ਜੀਵਨ ਦੇ ਨਾਲ ਨਾਲ ਜੀਵ ਜੰਤੂ ਅਤੇ ਪਸ਼ੂ ਪੰਛੀਆਂ ਲਈ ਵੀ ਪੂਰੀ ਤਰ੍ਹਾਂ ਘਾਤਕ ਹੈ ਤੇ ਇਸ ਨਾਲ ਕੈਂਸਰ , ਹਾਰਟ ਅਟੈਕ, ਅਧਰੰਗ ਤੇ ਹੋਰ ਕਈ ਭਿਆਨਕ ਬਿਮਾਰੀਆਂ ਫੈਲਦੀਆ ਹਨ। ਇਸ ਲਈ ਉਹ ਕਿਸੇ ਵੀ ਹਾਲਤ ਵਿੱਚ ਇਸ ਸੰਘਣੀ ਆਬਾਦੀ ਵਾਲੇ ਖੇਤਰ ਦੇ ਵਿੱਚ ਇਸ ਟਾਵਰ ਨੂੰ ਨਹੀਂ ਲੱਗਣ ਦੇਣਗੇ। ਉਹਨਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਟਾਵਰ ਨੂੰ ਇਸ ਸੰਘਣੀ ਆਬਾਦੀ ਵਾਲੇ ਖੇਤਰ ਚੋ ਲਗਾਉਣਾ ਬੰਦ ਕਰਕੇ ਇਸ ਤੋਂ ਤਿੰਨ ਚਾਰ ਕਿਲੋਮੀਟਰ ਅੱਗੇ ਖੇਤਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਤੇ ਪ੍ਰਸ਼ਾਸਨ ਨੇ ਇਸ ਟਾਵਰ ਦੀ ਐਨਓਸੀ ਨੂੰ ਤੁਰੰਤ ਰੱਦ ਨਾ ਕੀਤਾ ਤਾਂ ਉਹ ਹੋਰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਉਹਨਾਂ ਕਿਹਾ ਕਿ ਜਦੋਂ ਤੱਕ ਇਸ ਟਾਵਰ ਦੀ ਐਨਓਸੀ ਨੂੰ ਰੱਦ ਨਹੀਂ ਕੀਤਾ ਜਾਂਦਾ ਇਹ ਪੱਕਾ ਮੋਰਚਾ ਇਸੇ ਤਰ੍ਹਾਂ ਜਾਰੀ ਰਹੇਗਾ।