ਟਰੱਕ ਯੂਨੀਅਨ ਭਵਾਨੀਗੜ੍ਹ ਦੇ ਪ੍ਰਧਾਨ ਜਤਿੰਦਰ ਸਿੰਘ ਬਾਜਵਾ ਨੇ ਮਨਜੀਤ ਸਿੰਘ ਕਾਕਾ ਤੇ ਉਸ ਦੇ ਭਰਾ ਨੂੰ ਕਾਨੂੰਨੀ ਨੋਟਿਸ ਭੇਜਿਆ

ਭਵਾਨੀਗੜ (ਯੁਵਰਾਜ ਹਸਨ)ਟਰੱਕ ਯੂਨੀਅਨ ਭਵਾਨੀਗੜ੍ਹ ਦੀ ਪ੍ਰਧਾਨਗੀ ਲਈ ਕਥਿਤ ਤੌਰ ਤੇ ਪੈਸੇ ਲੈਣ ਦੇਣ ਦੀ ਵੀਡੀਓ ਪ੍ਰਿੰਟ ਮੀਡੀਆ ਅਤੇ ਸੋਸ਼ਲ ਮੀਡੀਏ ਵਿੱਚ ਵਾਇਰਲ ਹੋਣ ਤੋਂ ਬਾਅਦ ਟਰੱਕ ਯੂਨੀਅਨ ਦੇ ਨਵੇਂ ਚੁਣੇ ਗਏ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ਨੇ ਆਪਣੇ ਵਕੀਲ ਰਾਹੀਂ ਟਰੱਕ ਆਪਰੇਟਰ ਮਨਜੀਤ ਸਿੰਘ ਕਾਕਾ ਤੇ ਉਸਦੇ ਭਰਾ ਗੁਰਮੀਤ ਸਿੰਘ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਨੋਟਿਸ ਭੇਜ ਕੇ ਹਫਤੇ ਦੇ ਅੰਦਰ ਬਿਨਾਂ ਸਰਤ ਮੁਆਫੀ ਨਾ ਮੰਗਣ ਤੇ ਕੇਸ ਦਰਜ ਕਰਵਾਉਣ ਦੀ ਚੇਤਾਵਨੀ ਦਿੱਤੀ ਹੈ। ਇਸ ਕਾਨੂੰਨੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਟਰੱਕ ਯੂਨੀਅਨ ਪ੍ਰਾਈਵੇਟ ਅਦਾਰਾ ਹੈ। ਸਰਕਾਰ ਜਾਂ ਵਿਧਾਇਕ ਦੀ ਟਰੱਕ ਯੂਨੀਅਨ ਦੀ ਪ੍ਰਧਾਨ ਦੀ ਚੋਣ ਚ ਜਾਂ ਯੂਨੀਅਨ ਦੇ ਕੰਮ ਚ ਕੋਈ ਭੂਮਿਕਾ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਟਰੱਕ ਯੂਨੀਅਨ ਦੀ ਚੋਣ ਸਾਫ ਸੁਥਰੇ ਢੰਗ ਨਾਲ ਬਿਨਾਂ ਸਿਆਸੀ ਤੇ ਪ੍ਰਸ਼ਾਸਨਿਕ ਦਖਲ ਅੰਦਾਜੀ ਤੋਂ ਯੂਨੀਅਨ ਦੀ ਪੰਜ ਮੈਂਬਰੀ ਕਮੇਟੀ ਨੇ ਕੀਤੀ ਹੈ। ਨੋਟਿਸ ਵਿੱਚ ਦੋਸ਼ ਲਾਇਆ ਹੈ ਕਿ ਮਨਜੀਤ ਸਿੰਘ ਕਾਕਾ ਅਤੇ ਗੁਰਮੀਤ ਸਿੰਘ ਨੇ ਇਸ ਚੋਣ ਸਬੰਧੀ ਵੀਡੀਓ ਬਣਾ ਕੇ ਜਤਿੰਦਰ ਸਿੰਘ ਬਾਜਵਾ ਉਤੇ ਝੂਠਾ ਦੋਸ਼ ਲਗਾਇਆ ਹੈ ਕਿ ਉਸ ਨੇ ਪ੍ਰਧਾਨਗੀ ਲਈ ਹਲਕਾ ਵਿਧਾਇਕ ਨੂੰ 55 ਲੱਖ ਰੁਪਏ ਦਿੱਤੇ ਹਨ। ਬਾਜਵਾ ਨੇ ਕਿਹਾ ਕਿ ਇਸ ਝੂਠੀ ਵੀਡੀਓ ਨਾਲ ਬਾਜਵਾ ਅਤੇ ਉਸਦੇ ਪਰਿਵਾਰ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਹੈ। ਇਸ ਸਮਾਜ ਵਿੱਚ ਬਾਜਵਾ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਤਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਜੇ ਹਫਤੇ ਚ ਮੁਆਫੀ ਨਹੀਂ ਮੰਗੀ ਤਾਂ ਮਨਜੀਤ ਸਿੰਘ ਤੇ ਗੁਰਮੀਤ ਸਿੰਘ ਖਿਲਾਫ ਫੌਜਦਾਰੀ ਕੇਸ ਸਣੇ ਮਾਣਹਾਨੀ ਦਾ ਕੇਸ ਦਾਇਰ ਕਰਨ ਤੋਂ ਇਲਾਵਾ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਕਾਨੂੰਨੀ ਨੋਟਿਸ ਸਬੰਧੀ ਜਤਿੰਦਰ ਸਿੰਘ ਬਾਜਵਾ ਨੇ ਪੁਸ਼ਟੀ ਕੀਤੀ ਹੈ।