ਭਵਾਨੀਗੜ੍ਹ, 29 ਮਈ (ਗੁਰਵਿੰਦਰ ਸਿੰਘ) - ਸੋਸ਼ਲ ਮੀਡੀਆ ਉੱਤੇ ਪ੍ਰਾਪਤ ਹੋਈਆਂ ਖਬਰਾਂ ਉੱਤੇ ਤੁਰੰਤ ਕਾਰਵਾਈ ਕਰਨ ਕਾਰਨ ਐਸ ਡੀ ਐਮ ਭਵਾਨੀਗੜ੍ਹ ਸ਼੍ਰੀਮਤੀ ਮਨਜੀਤ ਕੌਰ ਦੀ ਆਮ ਲੋਕਾਂ ਵੱਲੋਂ ਭਰਪੂਰ ਸ਼ਲਾਘਾ ਹੋ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੀਮਤੀ ਮਨਜੀਤ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਸ਼ੋਸ਼ਲ ਮੀਡੀਆ ਰਾਹੀਂ ਭਵਾਨੀਗੜ੍ਹ ਵਿਖੇ ਚਹਿਲਾਂ ਪੱਤੀ ਫਿਰਨੀ ਤੋਂ ਰਾਏ ਸਿੰਘ ਵਾਲਾ ਜਾਂਦੀ ਸੜਕ ਉੱਪਰ ਸੀਵਰੇਜ਼ ਦਾ ਪਾਣੀ ਖੜ੍ਹਾ ਹੋਣ ਬਾਰੇ ਖ਼ਬਰ ਪ੍ਰਾਪਤ ਹੋਈ ਸੀ, ਜਿਸ ਤੇ ਉਹਨਾਂ ਵਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਕਾਰਜ ਸਾਧਕ ਅਫਸਰ, ਨਗਰ ਕੌਂਸਲ ਭਵਾਨੀਗੜ੍ਹ ਨੂੰ ਇਸ ਮਸਲੇ ਨੂੰ ਤੁਰੰਤ ਹੱਲ ਕਰਵਾਉਣ ਲਈ ਹਦਾਇਤ ਕੀਤੀ ਗਈ। ਕਾਰਜ ਸਾਧਕ ਅਫਸਰ ਨੇ ਵੀ ਫੌਰੀ ਕਾਰਵਾਈ ਕਰਦੇ ਹੋਏ ਜੈਟਿੰਗ ਮਸ਼ੀਨ ਅਤੇ ਸਫਾਈ ਸੇਵਕਾਂ ਦੀ ਮਦਦ ਨਾਲ ਦਸ਼ਮੇਸ਼ ਨਗਰ ਦੀ ਜਾਮ ਪਈ ਸੀਵਰੇਜ਼ ਲਾਈਨ ਖੋਲ ਦਿੱਤੀ ਗਈ ਹੈ ਅਤੇ ਜਮ੍ਹਾਂ ਸੀਵਰੇਜ਼ ਦੇ ਪਾਣੀ ਦੀ ਨਿਕਾਸੀ ਕਰ ਦਿੱਤੀ ਗਈ ਹੈ।ਇਸੇ ਤਰ੍ਹਾਂ ਸ਼ੋਸਲ ਮੀਡੀਆ ਰਾਹੀਂ ਖ਼ਬਰ ਪ੍ਰਾਪਤ ਹੋਈ ਕਿ ਸਮਾਣਾ ਤੋਂ ਭਵਾਨੀਗੜ੍ਹ ਲਿੰਕ ਰੋਡ ਦੀ ਸੜਕ ਉਤੇ ਆਉਂਦੇ ਹੋਏ ਨੈਸ਼ਨਲ ਹਾਈਵੇਅ ਦੀ ਸੜਕ ਤੇ ਬਣੇ ਪੁਲ ਉਤਰਨ ਸਾਰ ਲਿੰਕ ਰੋਡ ਤੇ ਨੈਸ਼ਨਲ ਹਾਈਵੇਅ ਦੇ ਵਿਚਾਲੇ ਇੱਕ ਰੇਲਿੰਗ ਲੱਗੀ ਹੋਈ ਹੈ, ਜੋ ਕਾਫੀ ਸਮੇਂ ਤੋਂ ਟੁੱਟੀ ਹੋਈ ਹੈ, ਜਿਸ ਨਾਲ ਜੋ ਟ੍ਰੈਫਿਕ ਪੁਲ ਦੇ ਨਾਲ-ਨਾਲ ਲਿੰਕ ਰੋਡ ਤੋਂ ਆ ਰਿਹਾ ਹੈ, ਉਹ ਪੁਲ ਉਤਰਨ ਸਾਰ ਲਿੰਕ ਰੋਡ ਤੋਂ ਰੇਲਿੰਗ ਟੁੱਟੀ ਹੋਣ ਕਾਰਨ ਸਿੱਧਾ ਹੀ ਨੈਸ਼ਨਲ ਹਾਈਵੇਅ ਤੇ ਚੜ ਜਾਂਦਾ ਹੈ, ਜਿਸ ਨਾਲ ਭਿਆਨਕ ਹਾਦਸਾ ਵਾਪਰ ਸਕਦਾ ਹੈ। ਇਹ ਸੂਚਨਾ ਪ੍ਰਾਪਤ ਹੋਣ ਤੇ ਉਹਨਾਂ ਵਲੋਂ ਤੁਰੰਤ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਗਿਆ ਅਤੇ ਤੁਰੰਤ ਰੇਲਿੰਗ ਦਾ ਕੰਮ ਸ਼ੁਰੂ ਕਰਵਾਉਣ ਦੀ ਹਦਾਇਤ ਕੀਤੀ ਗਈ। ਨੈਸ਼ਨਲ ਹਾਈਵੇਅ ਅਥਾਰਟੀ ਵਲੋਂ ਤੁਰੰਤ ਰੇਲਿੰਗ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ। ਐੱਸ ਡੀ ਐੱਮ ਮਨਜੀਤ ਕੌਰ ਨੇ ਕਿਹਾ ਕਿ ਪ੍ਰਸ਼ਾਸ਼ਨ ਦੀ ਕੋਸ਼ਿਸ਼ ਹੁੰਦੀ ਹੈ ਕਿ ਅਜਿਹਾ ਕੋਈ ਵੀ ਮਸਲਾ ਧਿਆਨ ਵਿੱਚ ਆਵੇ ਤਾਂ ਉਸ ਉੱਤੇ ਤੁਰੰਤ ਕਾਰਵਾਈ ਕੀਤੀ ਜਾਵੇ। ਐੱਸ ਡੀ ਐੱਮ ਮਨਜੀਤ ਕੌਰ ਵੱਲੋਂ ਸੋਸ਼ਲ ਮੀਡੀਆ ਉੱਤੇ ਪ੍ਰਾਪਤ ਹੋਈਆਂ ਖਬਰਾਂ ਉੱਤੇ ਤੁਰੰਤ ਕਾਰਵਾਈ ਕਰਨ ਦੀ ਸ਼ਲਾਘਾ ਕਰਦਿਆਂ ਹੋਰ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਜੇਕਰ ਉਹਨਾਂ ਦੇ ਵੀ ਸੋਸ਼ਲ ਮੀਡੀਆ ਰਾਹੀਂ ਜਾਂ ਹੋਰ ਵੀ ਕਿਸੇ ਮਾਧਿਅਮ ਰਾਹੀਂ ਕੋਈ ਸੂਚਨਾ ਪ੍ਰਾਪਤ ਹੁੰਦੀ ਹੈ ਤਾਂ ਉਹ ਵੀ ਉਸ ਚੀਜ਼ ਨੂੰ ਦਰੁਸਤ ਕਰਨ ਲਈ ਤੁਰੰਤ ਕਾਰਵਾਈ ਕਰਨੀ ਯਕੀਨੀ ਬਣਾਇਆ ਕਰਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ ਉੱਤੇ ਜ਼ਿਲ੍ਹਾ ਪ੍ਰਸ਼ਾਸ਼ਨ ਹਮੇਸ਼ਾਂ ਹੀ ਸੁਚੱਜਾ ਪ੍ਰਸ਼ਾਸ਼ਨ ਮੁਹਈਆ ਕਰਵਾਉਣ ਲਈ ਵਚਨਬੱਧ ਹੈ।