ਭਵਾਨੀਗੜ (ਯੁਵਰਾਜ ਹਸਨ)ਪ੍ਰੈੱਸ ਕਲੱਬ ਰਜਿ ਭਵਾਨੀਗੜ੍ਹ ਵੱਲੋਂ ਗੁਰਵਿੰਦਰ ਸਿੰਘ ਰੋਮੀ( ਮਾਲਵਾ ਐਮਵੀ ਚੈੱਨਲ) ਦੀ ਪ੍ਰਧਾਨਗੀ ਹੇਠ 31 ਮਈ ਤੋਂ 1 ਜੂਨ 2025 ਤੱਕ ਦਾ 10ਵਾਂ ਸਾਲਾਨਾ ਦੋ ਦਿਨਾਂ ਦਸਵਾਂ ਸ਼ਿਮਲਾ -ਕੁਫਰੀ-ਚੈੱਲ-ਸਾਧੂ ਪੁਲ ਟੂਰ ਸਫ਼ਲਤਾ ਪੂਰਵਕ ਨੇਪਰੇ ਚੜ੍ਹਿਆ। ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੁੱਝ ਪਲ ਆਨੰਦਮਈ ਬਤੀਤ ਕਰਨ ਅਤੇ ਨਵੀਂ ਥਾਂ ਅਤੇ ਨਵੇਂ ਮਾਹੌਲ ਵਿੱਚ ਬਤੀਤ ਕਰਨ ਲਈ ਕਲੱਬ ਵੱਲੋਂ ਇਹ ਛੋਟਾ ਜਿਹਾ ਉਪਰਾਲਾ ਕੀਤਾ ਜਾਂਦਾ ਹੈ। ਇਸ ਟੂਰ ਦੌਰਾਨ ਅਸੀਂ ਗੁਰਦੁਆਰਾ ਨਾਢਾ ਸਾਹਿਬ ਪੰਚਕੂਲਾ ਵਿਖੇ ਨਤਮਸਤਕ ਹੋਣ ਉਪਰੰਤ ਅਗਲਾ ਸਫਰ ਸ਼ੁਰੂ ਕੀਤਾ। ਸਾਡੀਆਂ ਗੱਡੀਆਂ ਜਿਵੇਂ ਹੀ ਸ਼ਿਮਲਾ ਵੱਲ ਨੂੰ ਵਧਣ ਲੱਗੀਆਂ ਤਾਂ ਪਹਾੜੀ ਖੇਤਰ ਦੀ ਲੰਬੇ ਅਤੇ ਸੁੰਦਰ ਦੇਵਦਾਰ ਦਰੱਖਤਾਂ ਨਾਲ ਭਰਪੂਰ ਦ੍ਰਿਸ਼ ਸਾਡਾ ਸਵਾਗਤ ਕਰਨ ਲੱਗ ਪਏ। ਕਸੌਲੀ ਤੋਂ ਬੜੌਗ-ਸੋਲਨ ਵੱਲ ਵਧਦਿਆਂ ਮੌਸਮ ਵਿਚ ਠੰਡਕ ਮਹਿਸੂਸ ਹੋਣ ਲੱਗ ਪਈ। ਰਸਤੇ ਵਿੱਚ ਇੱਕ ਚਾਹ ਦੇ ਸੁੰਦਰ ਢਾਬੇ ਦੇ ਮਾਲਕ ਦੇ 8 ਕੁ ਸਾਲ ਦੇ ਮਾਸੂਮ ਬੱਚੇ ਵੱਲੋਂ ਸਾਡੇ ਤੋਂ ਬਹੁਤ ਹੀ ਆਤਮਵਿਸ਼ਵਾਸ ਨਾਲ ਖਾਣ ਪੀਣ ਲਈ ਮੰਗੇ ਆਰਡਰ ਨੇ ਸਾਨੂੰ ਸਭ ਨੂੰ ਹੈਰਾਨ ਕਰ ਦਿੱਤਾ। ਅਸੀਂ ਜਦੋਂ ਹਾਸੀ ਮਜ਼ਾਕ ਵਿੱਚ ਪੁੱਛਿਆ ਕਿ ਕੀ ਤੇਰੇ ਮਾਪਿਆਂ ਵੱਲੋਂ ਇਹ ਕੰਮ ਜਬਰੀ ਕਰਵਾਇਆ ਜਾ ਰਿਹਾ ਹੈ, ਤਾਂ ਉਸ ਨੇ ਜਵਾਬ ਦਿੱਤਾ ਕਿ ਨਹੀਂ ਅਸੀਂ ਤਿੰਨੋਂ ਭੈਣ ਭਰਾ ਸਕੂਲ ਦੀਆਂ ਛੁੱਟੀਆਂ ਦੌਰਾਨ ਆਪਣੀ ਖੁਸ਼ੀ ਨਾਲ ਕਰਦੇ ਹਾਂ। ਤਿੰਨ ਕੁ ਵਜੇ ਅਸੀਂ ਸ਼ਿਮਲੇ ਪਹੁੰਚ ਕੇ ਕਮਰਿਆਂ ਦਾ ਬੰਦੋਬਸਤ ਕੀਤਾ ਅਤੇ ਬੜੇ ਸਕੂਨ ਨਾਲ ਆਪਣੇ ਘਰਾਂ ਤੋਂ ਲਿਆਂਦੇ ਖਾਣੇ ਦੀਆਂ ਵੱਖ ਵੱਖ ਵੰਨਗੀਆਂ ਨੂੰ ਸਾਰਿਆਂ ਨੇ ਇਕੱਠਿਆਂ ਬੈਠ ਕੇ ਛਕਿਆ। ਵੈਸੇ ਸਾਡੇ ਆਪਣਿਆਂ ਵੱਲੋਂ ਤਿਆਰ ਕੀਤੇ ਇਸ ਖਾਣੇ ਨਾਲ ਬਾਹਰ ਦਾ ਕੋਈ ਆਲੀਸ਼ਾਨ ਹੋਟਲ ਦਾ ਖਾਣਾ ਵੀ ਮੁਕਾਬਲਾ ਨਹੀਂ ਕਰ ਸਕਦਾ।
ਫਿਰ ਅਸੀਂ ਕੁੱਝ ਘੰਟੇ ਹੋਟਲ ਵਿੱਚ ਅਰਾਮ ਕਰਨ ਤੋਂ ਬਾਅਦ ਸ਼ਿਮਲੇ ਦੇ ਟੂਰਿਸਟ ਪੋਆਇੰਟ ਰਿੱਜ ਤੇ ਪਹੁੰਚ ਗਏ। ਇਸ ਵਾਰ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਗਰਮੀਆਂ ਦੇ ਸੀਜ਼ਨ ਕਾਰਣ ਇੱਥੇ 15 ਦਿਨਾਂ ਦਾ ਮੇਲੇ ਵਾਂਗ ਸਮਰ ਕੈਂਪ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਰਿੱਜ ਦੇ ਇਕ ਪਾਸੇ ਖਾਣ ਪੀਣ ਤੋਂ ਇਲਾਵਾ ਰੇਡੀਮੇਡ ਕੱਪੜਿਆਂ ਦੀਆਂ ਸੈਂਕੜੇ ਦੁਕਾਨਾਂ ਸਜਾਈਆਂ ਹੋਈਆਂ ਹਨ। ਸੈਂਟਰ ਵਾਲੇ ਮੈਦਾਨ ਵਿੱਚ ਵੱਡੀ ਸਟੇਜ ਅਤੇ ਕੁਰਸੀਆਂ ਲਗਾਈਆਂ ਗਈਆਂ ਹਨ। ਇਥੇ ਹਰ ਰੋਜ਼ ਸ਼ਾਮ ਨੂੰ ਵੱਖ ਵੱਖ ਸੂਬਿਆਂ ਦੇ ਕਲਾਕਾਰ ਲੋਕਾਂ ਦਾ ਮਨੋਰੰਜਨ ਕਰਦੇ ਹਨ। ਅਸੀਂ ਦੋ ਘੰਟੇ ਇਸ ਥਾਂ ਤੇ ਜ਼ਬਰਦਸਤ ਠੰਡੀਆਂ ਹਵਾਵਾਂ ਦਾ ਲੁਤਫ਼ ਲਿਆ। ਫਿਰ ਅਚਾਨਕ ਸ਼ੁਰੂ ਹੋਈ ਬਾਰਸ਼ ਨੇ ਸਾਰੇ ਸੈਲਾਨੀਆਂ ਦੇ ਰੰਗ ਵਿੱਚ ਭੰਗ ਪਾ ਦਿੱਤਾ। ਉੰਝ ਇਸ ਵਾਰ ਠੰਡ ਪੱਖੋਂ "ਸ਼ਿਮਲਾ ਬੀਤਦੈ" ਵਾਲੀ ਕਹਾਵਤ ਸੱਚ ਸਾਬਤ ਹੋ ਗਈ।
ਹੋਟਲ ਦੇ ਸ਼ਾਨਦਾਰ ਕਮਰਿਆਂ ਵਿੱਚ ਰਾਤ ਗੁਜ਼ਾਰਨ ਤੋਂ ਬਾਅਦ ਅਗਲੇ ਦਿਨ ਸਵੇਰੇ 6 ਕੁ ਵਜੇ ਸਾਡੇ ਦੋ ਮੈਂਬਰ ਕ੍ਰਿਸ਼ਨ ਕੁਮਾਰ ਗਰਗ ਅਤੇ ਰਸ਼ਪਿੰਦਰ ਪ੍ਰਿੰਸ ਸਪੈਸ਼ਲ ਟੈਕਸੀ ਕਰਵਾ ਕੇ ਹਨੂੰਮਾਨ ਜਾਖੂ ਮੰਦਰ ਦੇ ਦਰਸ਼ਨ ਕਰਨ ਲਈ ਚਲੇ ਗਏ। ਉਹ ਦੋ ਕੁ ਘੰਟਿਆਂ ਬਾਅਦ ਵਾਪਸ ਆਏ। ਇਸ ਤੋਂ ਬਾਅਦ ਅਸੀਂ ਸਵੇਰ ਦਾ ਨਾਸ਼ਤਾ ਕਰਕੇ ਕੁਫ਼ਰੀ ਵੱਲ ਰਵਾਨਾ ਹੋ ਗਏ ਅਤੇ ਇੱਕ ਘੰਟੇ ਵਿੱਚ ਪਹੁੰਚ ਗਏ।
ਇੱਥੇ ਸੈਂਕੜੇ ਘੋੜੇ ਕੁਫ਼ਰੀ ਦੇ ਪਹਾੜੀ ਖੇਤਰ ਬਣਾਏ ਸੈਲਾਨੀ ਕੇਂਦਰ ਤੱਕ ਪਹੁੰਚਣ ਲਈ ਤੁਹਾਡੀ ਉਡੀਕ ਕਰ ਰਹੇ ਹੁੰਦੇ ਹਨ। ਸਾਡੀ ਟੀਮ ਦੇ ਅਮਨਦੀਪ ਸਿੰਘ ਮਾਝਾ, ਮਨਦੀਪ ਅੱਤਰੀ, ਕ੍ਰਿਸ਼ਨ ਕੁਮਾਰ ਗਰਗ, ਭੀਮਾ ਭੱਟੀਵਾਲ, ਸੰਜੀਵ ਝਨੇੜੀ, ਰਸ਼ਪਿੰਦਰ ਪ੍ਰਿੰਸ ਅਤੇ ਹੈਪੀ ਸ਼ਰਮਾ ਨੇ ਘੋੜਿਆਂ ਦੀ ਸਵਾਰੀ ਕਰਕੇ ਇਸ ਥਾਂ ਦਾ ਆਨੰਦ ਮਾਣਿਆ ਅਤੇ ਬਾਕੀ ਮੈਂਬਰਾਂ ਨੇ ਇਥੇ ਕੁੱਝ ਕਲਾਕਾਰ ਨੌਜ਼ਵਾਨਾਂ ਨਾਲ ਸੰਗੀਤ ਤੇ ਗੀਤਾਂ ਦੀ ਮਿੱਠੀ ਮਿੱਠੀ ਧੁਨਾਂ ਦਾ ਆਨੰਦ ਮਾਣਿਆ।
ਇੱਥੋਂ ਅਸੀਂ ਚੈੱਲ ਹੁੰਦਿਆਂ ਸਾਧੂ ਪੁਲ ਵਿਖੇ ਕੁੱਝ ਸਮਾਂ ਠੰਡੇ ਪਾਣੀ ਅਤੇ ਹਵਾ ਦੇ ਠੰਡੇ ਬੁਲਿਆਂ ਨਾਲ ਬਿਤਾਏ।ਇਸ ਤੋਂ ਬਾਅਦ ਚੰਡੀਗੜ੍ਹ ਵੱਲ ਵਾਪਸੀ ਕੀਤੀ। ਸਫ਼ਰ ਦੌਰਾਨ ਗੱਡੀਆਂ ਵਿੱਚ ਬੈਠਿਆਂ ਵੀ ਕਦੇ ਗੀਤ ਅਤੇ ਕਦੇ ਚੁਟਕਲਿਆਂ ਦੀ ਛਹਿਬਰ ਲਗਾ ਕੇ ਰੱਖੀ।
ਪੰਜਾਬ ਅਤੇ ਸੰਗਰੂਰ ਦੇ ਮੌਜੂਦਾ ਰਾਜਨੀਤਕ ਮਾਹੌਲ ਅਤੇ ਵੱਖ ਵੱਖ ਪਾਰਟੀਆਂ ਤੇ ਜਥੇਬੰਦੀਆਂ ਬਾਰੇ ਕਾਫੀ ਰੌਚਕ ਅਤੇ ਗੰਭੀਰ ਚਰਚਾ ਵੀ ਕੀਤੀ ਗਈ। ਚੰਡੀਗੜ੍ਹ, ਜ਼ੀਰਕਪੁਰ ਅਤੇ ਪਟਿਆਲਾ ਹੁੰਦਿਆਂ ਸਾਡਾ ਇਹ ਟੂਰ ਹਨੀ ਢਾਬਾ ਭਵਾਨੀਗੜ੍ਹ ਵਿਖੇ ਰਾਤੀਂ 11 ਕੁ ਵਜੇ ਬਹੁਤ ਹੀ ਖੁਸ਼ੀ ਭਰੇ ਮਾਹੌਲ ਵਿਚ ਸਮਾਪਤ ਹੋ ਗਿਆ। ਸਾਰੇ ਦੋਸਤਾਂ ਨੇ ਇੱਕ ਦੂਜੇ ਨਾਲ ਪਿਆਰ ਅਤੇ ਸਾਂਝ ਦੀਆਂ ਜੱਫੀਆਂ ਪਾਈਆਂ ਅਤੇ ਇਸ ਲੜੀ ਨੂੰ ਇਸੇ ਤਰ੍ਹਾਂ ਜ਼ਾਰੀ ਰੱਖਣ ਦਾ ਫੈਸਲਾ ਕੀਤਾ।
ਹਨੀ ਢਾਬੇ ਤੇ ਸਾਡੀ ਟੀਮ ਦਾ ਨਗਰ ਕੌਂਸਲ ਭਵਾਨੀਗੜ੍ਹ ਦੇ ਸਾਬਕਾ ਪ੍ਰਧਾਨ ਪਵਨ ਕੁਮਾਰ ਸ਼ਰਮਾ ਅਤੇ ਟਰੱਕ ਯੂਨੀਅਨ ਭਵਾਨੀਗੜ੍ਹ ਦੇ ਸਾਬਕਾ ਪ੍ਰਧਾਨ ਵਿਪਨ ਕੁਮਾਰ ਸ਼ਰਮਾ ਨੇ ਨਿੱਘਾ ਸਵਾਗਤ ਕੀਤਾ।
ਟੂਰ ਵਿੱਚ ਗੁਰਦਰਸ਼ਨ ਸਿੰਘ ਸਿੱਧੂ (ਜਿਲ੍ਹਾ ਇੰਚਾਰਜ ਪੀਟੀਸੀ ਚੈਨਲ), ਇਕਬਾਲ ਸਿੰਘ ਫੱਗੂਵਾਲਾ (ਡੀ5 ਚੈਨਲ), ਅਮਨਦੀਪ ਸਿੰਘ ਮਾਝਾ (ਪੰਜਾਬੀ ਲੋਕ ਚੈਨਲ), ਮਨਦੀਪ ਕੁਮਾਰ ਅੱਤਰੀ ਡੇਲ੍ਹੀ ਪੰਜਾਬੀ ਨਿਊਜ਼, ਵਿਜੈ ਕੁਮਾਰ ਸਿੰਗਲਾ ਸੱਚ ਕਹੂੰ, ਭੀਮਾ ਭੱਟੀਵਾਲ ਰੋਜ਼ਾਨਾ ਸਪੋਕਸਮੈਨ, ਕ੍ਰਿਸ਼ਨ ਕੁਮਾਰ ਗਰਗ (ਟਵੰਟੀ 4 ਪੰਜਾਬੀ ਨਿਊਜ਼), ਰਸ਼ਪਿੰਦਰ ਪ੍ਰਿੰਸ਼ (ਨਿਊਜ਼ ਇੰਡੀਆ), ਹੈਪੀ ਸ਼ਰਮਾ (ਦੇਸ਼ ਪ੍ਰਦੇਸ਼) ਅਤੇ ਮੇਜਰ ਸਿੰਘ ਮੱਟਰਾਂ (ਪੰਜਾਬੀ ਟ੍ਰਿਬਿਊਨ) ਸਮੇਤ ਡੈਮੋਕ੍ਰੇਟਿਕ ਪ੍ਰੈਸ ਕਲੱਬ ਭਵਾਨੀਗੜ੍ਹ ਰਜਿ ਦੇ ਪ੍ਰਧਾਨ ਸੰਜੀਵ ਕੁਮਾਰ ਝਨੇੜੀ ਜਗਬਾਣੀ ਸ਼ਾਮਲ ਸਨ।
ਸੋਹਣ ਸਿੰਘ ਸੋਢੀ, ਰਾਜੀਵ ਸ਼ਰਮਾ ਅਜ਼ਾਦ ਅਤੇ ਜਤਿੰਦਰ ਸੈਂਟੀ ਜ਼ਰੂਰੀ ਰੁਝੇਵਿਆਂ ਕਾਰਨ ਟੂਰ ਵਿੱਚ ਸ਼ਾਮਲ ਨਹੀਂ ਹੋ ਸਕੇ।
ਮੇਜਰ ਸਿੰਘ ਮੱਟਰਾਂ
(ਟੂਰ ਦੀ ਕਹਾਣੀ, ਤਸਵੀਰਾਂ ਦੀ ਜ਼ੁਬਾਨੀ)