ਭਵਾਨੀਗੜ (ਗੁਰਵਿੰਦਰ ਸਿੰਘ) ਐੱਸ.ਡੀ.ਐਮ. ਭਵਾਨੀਗੜ੍ਹ, ਮਨਜੀਤ ਕੌਰ ਵੱਲੋਂ ਤਹਿਸੀਲ ਦਫਤਰ ਵਿੱਚ ਕੰਮ ਕਰ ਰਹੇ ਕਾਨੂੰਗੋ, ਪਟਵਾਰੀਆਂ ਅਤੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ ਗਈ ਤੇ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ ਸਿਰ ਜਾਰੀ ਹੋਈਆਂ ਹਦਾਇਤਾਂ ਦੀ ਪਾਲਣਾਂ ਵਿੱਚ ਆਮ ਪਬਲਿਕ ਨੂੰ ਮਿਲਣ ਵਾਲੀਆਂ ਸੇਵਾਵਾਂ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ ਕਰਦੇ ਹੋਏ ਬਰਸਾਤ ਦੇ ਸੀਜ਼ਨ ਵਿੱਚ ਹਰ ਸਮੇਂ ਹੈਡ ਕੁਆਟਰ 'ਤੇ ਹਾਜ਼ਰ ਰਹਿਣ ਅਤੇ ਦਫਤਰੀ ਕੰਮ-ਕਾਜ ਕਰਵਾਉਣ ਵਿੱਚ ਲੋਕਾਂ ਨੂੰ ਮੁਸ਼ਕਿਲ ਪੇਸ਼ ਨਾ ਆਉਣ ਦੇਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਇਸ ਮੌਕੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਵੀ ਹਾਜ਼ਰ ਸਨ ਐਸ.ਡੀ.ਐਮ. ਭਵਾਨੀਗੜ੍ਹ ਨੇ ਸਮੂਹ ਅਧਿਕਾਰੀਆਂ ਅਤੇ ਫੀਲਡ ਸਟਾਫ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਬਰਸਾਤੀ ਸੀਜ਼ਨ ਦੌਰਾਨ ਫੀਲਡ ਸਟਾਫ ਦੇ ਸਾਰੇ ਅਧਿਕਾਰੀ/ਕਰਮਚਾਰੀ ਆਪਣੇ-ਆਪਣੇ ਸਰਕਲ 'ਤੇ ਹਾਜ਼ਰ ਰਹਿਣਗੇ ਤਾਂ ਜੋ ਕਿਸੇ ਤਰ੍ਹਾਂ ਦੀ ਵੀ ਸਮੱਸਿਆ ਪੈਦਾ ਹੁੰਦੀ ਹੈ ਤਾਂ ਉਸ ਸਬੰਧੀ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ। ਇਸ ਤੋਂ ਇਲਾਵਾ ਸਮੂਹ ਕਾਨੂੰਗੋ ਅਤੇ ਪਟਵਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਰੋਜ਼ਾਨਾ ਇੰਤਕਾਲ ਦੀ ਪੈਨਡੈਂਸੀ ਤੁਰੰਤ ਖਤਮ ਕੀਤੀ ਜਾਵੇ। ਜਮ੍ਹਾਂਬੰਦੀਆਂ ਦਾ ਕੰਮ ਮੁਕੰਮਲ ਕੀਤਾ ਜਾਵੇ, ਸਵਾਮਿਤਵਾ ਸਕੀਮ ਅਧੀਨ ਚਲ ਰਹੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ। ਇਸ ਤੋਂ ਇਲਾਵਾ ਅਦਾਲਤੀ ਕੇਸਾਂ ਦਾ ਸਮਾਂ ਸੀਮਾ ਦੇ ਅੰਦਰ-ਅੰਦਰ ਨਿਪਟਾਰਾ ਕੀਤਾ ਜਾਵੇ। ਪੁਰਾਣੇ ਚਲਦੇ ਤਕਸੀਮ ਆਦਿ ਦੇ ਕੇਸਾਂ ਦਾ ਜਲਦੀ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ। ਈ-ਸੇਵਾ/ਪੀ.ਜੀ.ਆਰ.ਐਸ. ਪੋਰਟਲ ਦੀ ਪੈਨਡੈਂਸੀ ਰੋਜ਼ਾਨਾ ਚੈੱਕ ਕਰਕੇ ਕਲੀਅਰ ਕੀਤੀ ਜਾਵੇ। ਮਾਣਯੋਗ ਅਦਾਲਤਾਂ ਵਲੋਂ ਕਿਸੇ ਰਕਬੇ 'ਤੇ ਕੋਈ ਸਟੇਅ ਦਿੱਤੀ ਹੈ, ਉਸ ਦਾ ਇੰਦਰਾਜ ਮਾਲ ਰਿਕਾਰਡ ਵਿੱਚ ਤੁਰੰਤ ਕੀਤਾ ਜਾਵੇ। ਚੌਂਕੀਦਾਰਾ ਮਾਮਲੇ ਦੀ ਰਿਕਵਰੀ ਅਤੇ 47-ਏ ਕੇਸਾਂ ਦੀ ਰਿਕਵਰੀ ਕਰਨ ਲਈ ਠੋਸ ਉਪਰਾਲੇ ਕੀਤੇ ਜਾਣ। ਨਿਸ਼ਾਨਦੇਹੀਆਂ ਦਾ ਕੰਮ ਸਮੇਂ ਅੰਦਰ ਮੁਕੰਮਲ ਕਰ ਕੇ ਰਿਪੋਰਟਾਂ ਭੇਜੀਆਂ ਜਾਣ।