ਭਵਾਨੀਗੜ (ਗੁਰਵਿੰਦਰ ਸਿੰਘ ਰੋਮੀ) ਅੱਜ ਇੱਥੇ ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਦੇ ਸਥਾਨਕ ਪੀਸੀਸੀਟੀਯੂ ਇਕਾਈ ਨੇ ਪੰਜਾਬ ਸਰਕਾਰ ਦੁਆਰਾ ਪਿਛਲੇ 6 ਮਹੀਨਿਆਂ ਤੋਂ ਤਨਖਾਹ ਦੀ ਗ੍ਰਾਂਟ ਜਾਰੀ ਨਾ ਕਰਨ ਦੇ ਰੋਸ ਵਜੋਂ 16 ਸਤੰਬਰ ਤੋਂ ਸੂਬਾ ਪੱਧਰੀ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਐਗਜੈਕਟਿਵ ਮੈਂਬਰ ਡਾ. ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਸੂਬਾ ਅਣ-ਐਲਾਨੀ ਵਿੱਤੀ ਐਮਰਜੈਂਸੀ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਬੇਹੱਦ ਮਾੜੀ ਕਾਰਗੁਜ਼ਾਰੀ ਦੇ ਚੱਲਦਿਆਂ ਏਡਿਡ ਕਾਲਜਾਂ ਦੀ ਪਿਛਲੇ ਪੰਜ ਮਹੀਨਿਆਂ ਦੀ ਤਨਖਾਹ ਦਾ ਬਿਲ 12 ਅਗਸਤ ਤੋਂ ਖਜ਼ਾਨੇ ਵਿੱਚ ਅਟਕਿਆ ਹੋਇਆ ਹੈ। ਅੱਜ ਲਗਭਗ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਖਜ਼ਾਨਾ ਵਿਭਾਗ ਕਾਲਜਾਂ ਦੀ 76 ਕਰੋੜ ਦੀ ਸੈਲਰੀ ਗ੍ਰਾਂਟ ਰਿਲੀਜ਼ ਕਰਨ ਵਿੱਚ ਅਸਫਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦੀ ਹੀ ਸਾਡੀ ਗ੍ਰਾਂਟ ਰਿਲੀਜ਼ ਨਾ ਕੀਤੀ ਗਈ ਤਾਂ 16 ਸਤੰਬਰ ਤੋਂ ਸੂਬੇ ਦੇ 136 ਏਡਿਡ ਕਾਲਜਾਂ ਵਿੱਚ ਪੜ੍ਹਦੇ ਲੱਖਾਂ ਵਿਦਿਆਰਥੀਆਂ ਨੂੰ ਨਾਲ ਲੈ ਕੇ ਕੈਂਪਸ ਰੋਸ ਰੈਲੀਆਂ ਕੱਢੀਆਂ ਜਾਣਗੀਆਂ ਅਤੇ 19 ਸਤੰਬਰ ਤੋਂ ਉਚੇਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵਿਧਾਨ ਸਭਾ ਹਲਕਾ ਆਨੰਦਪੁਰ ਸਾਹਿਬ ਵਿਖੇ ਸੂਬਾ ਪੱਧਰੀ ਰੋਸ ਧਰਨਾ ਲਗਾਇਆ ਜਾਵੇਗਾ। ਪੀਸੀਸੀਟੀਯੂ ਦੀ ਸਥਾਨਕ ਇਕਾਈ ਦੇ ਪ੍ਰਧਾਨ ਡਾ. ਸੁਰੇਂਦਰ ਜਾਂਗੜਾ ਨੇ ਸਿੱਖਿਆ ਕ੍ਰਾਂਤੀ ਲਿਆਉਣ ਦੇ ਦਮਗਜ਼ੇ ਮਾਰਨ ਲਈ ਆਪ ਸਰਕਾਰ ਨੇ ਰਾਸ਼ਟਰ ਨਿਰਮਾਤਾ ਅਧਿਆਪਕਾਂ ਦੀਆਂ ਪਿਛਲੇ 6 ਮਹੀਨਿਆਂ ਤੋਂ ਤਨਖਾਹਾਂ ਰੋਕ ਕੇ ਉਨ੍ਹਾਂ ਦਾਲ ਰੋਟੀ ਤੋਂ ਵੀ ਮੁਹਤਾਜ਼ ਕਰ ਦਿੱਤਾ ਹੈ। ਉਨ੍ਹਾਂ ਵਿੱਤ ਸਕੱਤਰ, ਜ਼ਿਲ੍ਹਾ ਖਜ਼ਾਨਾ ਅਫਸਰ ਅਤੇ ਉਚੇਰੀ ਸਿੱਖਿਆ ਮੰਤਰੀ ਦੀ ਢਿੱਲੀ ਮੱਠੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਤੁਰੰਤ ਪ੍ਰਭਾਵ ਨਾਲ ਸਾਡੀਆਂ ਤਨਖਾਹਾਂ ਦੇ ਫੰਡ ਜਾਰੀ ਨਾ ਕੀਤੇ ਗਏ ਤਾਂ ਸਰਕਾਰ ਨੂੰ ਇਸਦਾ ਵੱਡਾ ਖਮਿਆਜ਼ਾ ਭੁਗਤਣਾ ਪਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਗੁਰਮੀਤ ਕੌਰ, ਡਾ. ਚਰਨਜੀਤ ਕੌਰ ਅਤੇ ਪ੍ਰੋ. ਕਮਲਜੀਤ ਕੌਰ ਵੀ ਮੌਜੂਦ ਸਨ।