ਭਾਈ ਗੁਰਦਾਸ ਗਰੁੱਪ ਆਫ ਇੰਸਟੀਚਿਊਟਸ ਵਿਚ ਬੂਟੇ ਲਗਾਉਦੇ ਹੋਏ ਸ੍ਰੀ ਦੀਪਕ ਬਾਲੀ ਅਤੇ ਡਾ. ਮਿੰਕੂ ਜਵੰਧਾ

ਸੰਗਰੂਰ (ਮਾਲਵਾ ਬਿਊਰੋ) ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਵਿਭਾਗ ਪੰਜਾਬ ਦੇ ਸਲਾਹਕਾਰ ਦੀਪਕ ਬਾਲੀ ਨੇ ਕਿਹਾ ਹੈ ਕਿ ਪੰਜਾਬ ਨੂੰ ਚੰਗਾ ਵਾਤਾਵਰਨ ਦੇਣ ਲਈ ਰੁੱਖਾਂ ਦੀ ਅਹਿਮ ਮੱਹਤਤਾ ਹੈ। ਸਥਾਨਕ ਭਾਈ ਗੁਰਦਾਸ ਗਰੁੱਪ ਆਫ ਇੰਸਟੀਚਿਊਟਸ ਵਿਖੇ ਵਣ ਮਹਾਉਤਸਵ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਸ੍ਰੀ ਬਾਲੀ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ, ਰੁੱਖਾਂ ਅਤੇ ਸਾਡੇ ਅਮੀਰ ਵਿਰਸੇ ਦੀ ਰਾਖੀ ਕਰਨਾ ਸਾਡਾ ਸਰਵੋਤਮ ਫਰਜ ਹੈ। ਸੰਸਥਾ ਦੇ ਖਚਾਖਚ ਭਰੇ ਹਾਲ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਵੇਰੇ ਉੱਠਣ ਸਾਰ ਮੋਬਾਇਲ ਫੋਨ ਚੁੱਕਣ ਦੀ ਥਾਂ ਮਾਪਿਆਂ ਦਾ ਅਸ਼ੀਰਵਾਦ ਲੈਣ ਵਾਲੇ ਬੱਚੇ ਜ਼ਿੰਦਗੀ ਵਿਚ ਹਮੇਸ਼ਾ ਕਾਮਯਾਬ ਰਹਿੰਦੇ ਹਨ। ਡਾ. ਪਵਨ ਸ਼ਰਮਾ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਸ੍ਰੀ ਬਾਲੀ ਨੇ ਸੰਸਥਾ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਵਲੋਂ ਨਿਭਾਈਆਂ ਜਾ ਰਹੀਆਂ ਸਮਾਜਕ ਸੇਵਾਵਾਂ ਅਤੇ ਸੰਸਥਾ ਦੀਆਂ ਮਾਣਮੱਤੀਆਂ ਸਰਗਰਮੀਆਂ ਦੀ ਸ਼ਲਾਘਾ ਕੀਤੀ। ਇਸ ਪਹਿਲਾ ਸੰਸਥਾ ਦੇ ਡਾਇਰੈਕਟਰ ਡਾ. ਤਨੂਜਾ ਸ੍ਰੀਵਾਸਤਵਾ ਨੇ ਸ੍ਰੀ ਬਾਲੀ ਅਤੇ ਦੂਸਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸੰਸਥਾ ਦੀਆਂ ਪ੍ਰਾਪਤੀਆਂ ਦਾ ਖੂਬਸੂਰਤੀ ਨਾਲ ਜ਼ਿਕਰ ਕੀਤਾ। ਧੰਨਵਾਦ ਕਰਦਿਆਂ ਡਾ. ਮਿੰਕੂ ਜਵੰਧਾ ਨੇ ਦੱਸਿਆ ਕਿ ਸ੍ਰੀ ਬਾਲੀ ਦਾ ਅੱਜ ਹੋਇਆ ਪ੍ਰੇਰਨਾਮਈ ਭਾਸ਼ਣ ਵਿਦਿਆਰਥੀਆਂ ਲਈ ਲਾਹੇਵੰਦ ਰਹੇਗਾ। ਇਸ ਮੌਕੇ ਇੰਪਰੂਵਮੈਂਟ ਟਰੱਸਟ ਸੰਗਰੂਰ ਦੇ ਚੇਅਰਮੈਨ ਪ੍ਰੀਤਮ ਸਿੰਘ, ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਸਾਹਿਤ ਸਦਨ ਸੰਗਰੂਰ ਦੇ ਪ੍ਰਧਾਨ ਡਾ. ਇਕਬਾਲ ਸਿੰਘ ਸਕਰੰਦੀ, ਚੇਅਰਮੈਨ ਬਲਵੰਤ ਸਿੰਘ ਜੋਗਾ, ਜਨਰਲ ਸਕੱਤਰ ਜੀਤ ਹਰਜੀਤ, ਡਾ. ਮਿੰਕੂ ਜਵੰਧਾ ਦੇ ਓ.ਐਸ.ਡੀ. ਡਾ. ਗੁਰਪ੍ਰੀਤ ਸਿੰਘ ਰਾਜਾ ਅਤੇ ਹੋਰ ਸਖਸ਼ੀਅਤਾਂ ਵੀ ਮੌਜੂਦ ਸਨ। ਸੰਸਥਾ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਖੂਬਸੂਰਤ ਸਭਿਆਚਾਰਕ ਪ੍ਰੋਗਰਾਮ ਨੇ ਮਹਿਮਾਨਾਂ ਨੂੰ ਕੀਲ ਕੇ ਬਿਠਾਈ ਰੱਖਿਆ। ਇਸ ਤੋਂ ਪਹਿਲਾ ਸ੍ਰੀ ਬਾਲੀ, ਡਾ. ਮਿੰਕੂ ਜਵੰਧਾ, ਡਾ. ਸ੍ਰੀਵਾਸਤਵਾ, ਡਾ. ਸਕਰੌਦੀ, ਬਲਵੰਤ ਸਿੰਘ ਜੋਗਾ, ਜੀਤ ਹਰਜੀਤ, ਪ੍ਰੀਤਮ ਸਿੰਘ, ਅਵਤਾਰ ਸਿੰਘ ਈਲਵਾਲ ਅਤੇ ਡਾ. ਗੁਰਪ੍ਰੀਤ ਸਿੰਘ ਰਾਜਾ ਨੇ ਸੰਸਥਾ ਦੇ ਖੁਲ੍ਹੇ ਮੈਦਾਨ ਵਿਚ ਬੂਟੇ ਲਗਾਉਣ ਦੀ ਰਸਮੇ ਅਦਾ ਕੀਤੀ।