"ਵਿਸ਼ਵ ਦ੍ਰਿਸ਼ਟੀ ਦਿਵਸ" ਮੌਕੇ ਅੱਖਾਂ ਦੀ ਜਾਂਚ ਸੰਬੰਧੀ ਕੈਂਪ ਦਾ ਆਯੋਜਨ
ਆਪਣੀਆਂ ਅੱਖਾਂ ਨੂੰ ਪਿਆਰ ਕਰੋ’ ਵਿਸ਼ੇ ਤਹਿਤ ਦਿੱਤੀ ਗਈ ਜਾਣਕਾਰੀ

ਭਵਾਨੀਗੜ (ਗੁਰਵਿੰਦਰ ਸਿੰਘ ਰੋਮੀ) : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਸਿਵਲ ਸਰਜਨ ਡਾ. ਅਮਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਮਹੀਪ ਕੌਰ ਦੀ ਅਗਵਾਈ ਵਿੱਚ ਸੀ ਐਚ ਸੀ ਭਵਾਨੀਗੜ੍ਹ ਦੇ ਅਧੀਨ ਆਉਂਦੇ ਸਿਹਤ ਕੇਂਦਰਾਂ ਵਿੱਖੇ ਵਿਸ਼ਵ ਦ੍ਰਿਸ਼ਟੀ ਦਿਵਸ ਮੌਕੇ ਅੱਖਾਂ ਦੀ ਜਾਂਚ ਲਈ ਵਿਸ਼ੇਸ਼ ਕੈਂਪਾ ਦਾ ਆਯੋਜਿਤ ਕੀਤੇ ਗਏ। ਇਸ ਮੌਕੇ ਗੁਰਵਿੰਦਰ ਸਿੰਘ ਬੀ ਈ ਈ ਅਤੇ ਕੁਲਵੀਰ ਸਿੰਘ ਅਪਥਾਲਮਿਕ ਅਫ਼ਸਰ ਨੇ ਦੱਸਿਆ ਕਿ ਇਸ ਵਰ੍ਹੇ ਇਹ ਦਿਵਸ 'ਆਪਣੀਆਂ ਅੱਖਾਂ ਨੂੰ ਪਿਆਰ ਕਰੋ' (Love Your Eyes) ਥੀਮ ਤਹਿਤ ਮਨਾਇਆ ਜਾ ਰਿਹਾ ਹੈ। ਉਨ੍ਹਾਂ ਆਸ਼ਾ ਨੂੰ ਅਪੀਲ ਕੀਤੀ ਕਿ ਉਹ ਇਸ ਦਿਵਸ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਅਹਿਮ ਭੂਮਿਕਾ ਨਿਭਾਉਣ। ਉਨ੍ਹਾਂ ਦੱਸਿਆ ਕਿ ਦੁਨੀਆ ਭਰ ਵਿੱਚ ਲਗਭਗ ਇੱਕ ਅਰਬ ਲੋਕ ਅਜਿਹੀਆਂ ਅੱਖਾਂ ਦੀਆਂ ਸਮੱਸਿਆਵਾਂ ਨਾਲ ਜੀਅ ਰਹੇ ਹਨ ਜਿਨ੍ਹਾਂ ਦਾ ਇਲਾਜ ਜਾਂ ਰੋਕਥਾਮ ਸੰਭਵ ਹੈ ਪਰ ਉਹਨਾਂ ਨੂੰ ਸਿਹਤ ਸਹੂਲਤਾਂ ਤੱਕ ਪਹੁੰਚ ਨਹੀਂ ਮਿਲਦੀ। ਉਹਨਾਂ ਨੇ ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਿਹਤ ਕਰਮੀਆਂ ਵੱਲੋਂ ਆਪਣੇ ਇਲਾਕਿਆਂ ਵਿੱਚ ਲੋਕਾਂ ਨੂੰ ਅੱਖਾਂ ਦੀ ਨਿਯਮਤ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਖਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਸ਼ੂਗਰ ਜਾਂ ਹਾਈ ਬਲੱਡ ਪ੍ਰੈਸ਼ਰ ਵਾਲੇ ਮਰੀਜ਼। ਉਨ੍ਹਾਂ ਕਿਹਾ ਕਿ ਮੋਤੀਆਬਿੰਦ, ਗਲਾਕੋਮਾ ਅਤੇ ਰੈਟੀਨੋਪੈਥੀ ਵਰਗੀਆਂ ਬਿਮਾਰੀਆਂ ਦੀ ਸ਼ੁਰੂਆਤੀ ਪਛਾਣ ਕਰਵਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਚੰਗੀ ਨਜ਼ਰ ਸਿਰਫ਼ ਸਿਹਤ ਦਾ ਮਾਮਲਾ ਨਹੀਂ, ਸਗੋਂ ਜੀਵਨ ਦੀ ਗੁਣਵੱਤਾ, ਸਿੱਖਿਆ ਅਤੇ ਆਰਥਿਕ ਸਮਰੱਥਾ ਲਈ ਵੀ ਬਹੁਤ ਜ਼ਰੂਰੀ ਹੈ। ਅੱਖਾਂ ਸਾਡੇ ਸਰੀਰ ਦਾ ਅਹਿਮ ਅੰਗ ਹਨ ਇਸ ਲਈ ਸਾਨੂੰ ਅੱਖਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜਿਆਦਾਤਰ ਕੰਪਿਊਟਰ, ਮੋਬਾਈਲ, ਤੇਜ ਰੌਸ਼ਨੀ ਵਿਚ ਕੰਮ ਕਰਨ ਵਾਲੇ ਵਿਅਕਤੀਆ ਨੂੰ ਹਰ 20 ਮਿੰਟ ਬਾਅਦ ਇਕ ਵਾਰ ਘੱਟੋ ਘੱਟ 20 ਸੈਕਿੰਡ ਦਾ ਆਰਾਮ ਲੈਣਾ ਚਾਹੀਦਾ,ਆਰਾਮ ਦੋਰਾਨ 20 ਫੁੱਟ ਦੀ ਦੂਰੀ ਤੇ ਪਈ ਵਸਤੂ ਨੂੰ ਦੇਖਣਾ, ਕੰਮ ਕਰਦੇ ਜਾਂ ਪੜ੍ਹਦੇ ਹੋਏ ਆਪਣੀਆ ਅੱਖਾਂ ਨੂੰ ਵਾਰ ਵਾਰ ਝਪਕਾਉਣਾ,ਸੰਤੁਲਿਤ ਭੋਜਨ ਖਾਣਾ ਅਤੇ ਅੱਖਾਂ ਦੀ ਨਿਯਮਤ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਅੱਖਾਂ ਵਿਚ ਦਬਾਅ, ਥਕਾਨ ਮਹਿਸੂਸ ਹੋਣਾ, ਦੂਰ ਜਾਂ ਨੇੜੇ ਦੀਆਂ ਚੀਜ਼ਾ ਸਾਫ਼ ਨਜ਼ਰ ਨਾ ਆਉਣਾ, ਅੱਖਾਂ ਖੁਸ਼ਕ ਹੋਣੀਆਂ, ਘੱਟ ਰੋਸ਼ਨੀ ਵਿਚ ਦਿਖਾਈ ਨਾ ਦੇਣਾ ਜਾਂ ਧੁੰਦਲਾ ਦਿਖਾਈ ਦੇਣਾ, ਅੱਖਾਂ ਵਿਚ ਲਾਲੀ, ਅੱਖਾਂ ਵਿਚ ਦਰਦ ਮਹਿਸੂਸ ਹੋਣਾ, ਅੱਖਾਂ ਦੀਆਂ ਬਿਮਾਰੀ ਦੇ ਸੰਕੇਤ ਹੋ ਸਕਦੇ ਹਨ। ਇਸ ਲਈ ਸਰਕਾਰੀ ਸਿਹਤ ਸੰਸਥਾ ਵਿਚ ਅੱਖਾਂ ਦੇ ਮਾਹਿਰ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ।