ਭਵਾਨੀਗੜ੍ਹ, 14 ਨਵੰਬਰ (ਗੁਰਵਿੰਦਰ ਸਿੰਘ) : ਸਥਾਨਕ ਹੈਰੀਟੇਜ ਪਬਲਿਕ ਸਕੂਲ ਵਿੱਚ ਅੱਜ ਬਾਲ ਦਿਵਸ ਬੜੇ ਹੀ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਖ਼ਾਸ ਦਿਨ ਨੂੰ ਬੱਚਿਆਂ ਲਈ ਹੋਰ ਯਾਦਗਾਰ ਬਣਾਉਣ ਲਈ ਸਕੂਲ ਪ੍ਰਿੰਸੀਪਲ ਵੱਲੋਂ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਆਪਣੀ ਦੇਖ-ਰੇਖ ਵਿੱਚ ਕਰਵਾਇਆ ਗਿਆ। ਸਭ ਤੋਂ ਪਹਿਲਾਂ ਅਧਿਆਪਕ ਮੰਡਲ ਵੱਲੋਂ ਸਵੇਰ ਦੀ ਅਸੈਂਬਲੀ ਕੀਤੀ ਗਈ ਅਤੇ ਬੱਚਿਆਂ ਨੂੰ ਕਵਿਤਾਵਾਂ ਅਤੇ ਭਾਸ਼ਣ ਰਾਹੀ ਬਾਲ ਦਿਵਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਜਮਾਤ ਤੀਸਰੀ ਤੋਂ ਪੰਜਵੀਂ ਤੱਕ ਦੇ ਵਿਦਿਆਰਥੀਆਂ ਲਈ ਇੰਟਰ ਹਾਊਸ ਕ੍ਰਿਕਟ ਅਤੇ ਜਮਾਤ ਛੇਵੀਂ ਤੋਂ ਅੱਠਵੀਂ ਦੇ ਵਿਦਿਆਰਥੀਆਂ ਲਈ ਫੁੱਟਬਾਲ ਮੈਚ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬੱਚਿਆਂ ਨੇ ਭਰਪੂਰ ਜੋਸ਼ ਨਾਲ ਹਿੱਸਾ ਲਿਆ। ਛੋਟੇ ਬੱਚਿਆਂ ਦੇ ਮਨੋਰੰਜਨ ਲਈ ਪਲੇਅ ਵੇ ਅਤੇ ਪੀ-1 ਜਮਾਤ ਦੇ ਬੱਚਿਆਂ ਨੂੰ ਬਾਇਓ -ਡਾਇਵਰਸਿਟੀ ਪਾਰਕ (ਭਵਾਨੀਗੜ੍ਹ) ਅਤੇ ਪਹਿਲੀ ਜਮਾਤ ਦੇ ਬੱਚਿਆਂ ਨੂੰ ਬਾਰਾਦਰੀ ( ਪਟਿਆਲਾ) ਪਿਕਨਿਕ ਤੇ ਲਿਜਾਇਆ ਗਿਆ। ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ ਅਤੇ ਸ੍ਰੀਮਤੀ ਆਸਿਮਾ ਮਿੱਤਲ ਨੇ ਬੱਚਿਆਂ ਨੂੰ ਬਾਲ ਦਿਵਸ ਤੇ ਵਧਾਈ ਦਿੰਦੇ ਹੋਏ ਬੱਚਿਆਂ ਨੂੰ ਹੋਰ ਮਿਹਨਤ, ਸੱਚਾਈ ਅਤੇ ਆਤਮ-ਵਿਸ਼ਵਾਸ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।” ਇਸ ਮੌਕੇ ’ਤੇ ਸਕੂਲ ਪ੍ਰਿੰਸੀਪਲ ਡਾਕਟਰ ਗੁਰਪ੍ਰੀਤ ਕੌਰ ਨੇ ਬੱਚਿਆਂ ਨੂੰ ਬਾਲ ਦਿਵਸ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ “ਬਾਲ ਦਿਵਸ ਬੱਚਿਆਂ ਦੀ ਮਾਸੂਮੀਅਤਾ, ਖੁਸ਼ੀ ਅਤੇ ਚਮਕਦੇ ਭਵਿੱਖ ਦਾ ਪ੍ਰਤੀਕ ਹੈ। ਤੁਸੀਂ ਸਾਡੇ ਸਕੂਲ ਦੀ ਤਾਕਤ ਤੇ ਸਾਡਾ ਮਾਣ ਹੋ।” ਇਸ ਲਈ ਸਦਾ ਸਿੱਖਦੇ ਰਹੋ, ਖੇਡਦੇ ਰਹੋ, ਸਵਸਥ ਰਹੋ ਅਤੇ ਵੱਡੇ ਸੁਪਨੇ ਦੇਖਦੇ ਰਹੋ।