ਭਵਾਨੀਗੜ (ਗੁਰਵਿੰਦਰ ਸਿੰਘ) : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਬਲਾਕ ਭਵਾਨੀਗੜ੍ਹ ਦੀ ਮੀਟਿੰਗ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ, ਭਵਾਨੀਗੜ੍ਹ ਵਿਖੇ ਗੁਰਬਖਸ਼ੀਸ਼ ਸਿੰਘ ਬਾਲਦ ਕਲਾਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਚ ਹੋਈ ਜਿਸ ਵਿੱਚ ਪਿੰਡ ਇਕਾਈਆਂ ਦੇ ਆਗੂਆਂ, ਵਰਕਰਾਂ ਤੋਂ ਇਲਾਵਾ ਜਨਰਲ ਸਕੱਤਰ ਰਣ ਸਿੰਘ ਚੱਠਾ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਤੇ ਗੁਰਬਖਸ਼ੀਸ਼ ਸਿੰਘ ਬਾਲਦ ਕਲਾਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ’ਚ ਜਿੱਥੇ ਪੰਜਾਬ ਅੰਦਰ ਬੀਕੇਯੂ ਏਕਤਾ ਸਿੱਧੂਪੁਰ ਦਾ 21 ਜਿਲ੍ਹਿਆਂ ਚ ਵੱਡਾ ਵਿਸਥਾਰ ਹੋਇਆ ਹੈ ਉੱਥੇ ਹੀ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ਚ ਵੀ ਜਥੇਬੰਦੀ ਦੀਆਂ ਇਕਾਈਆਂ ਸਥਾਪਿਤ ਹੋਈਆਂ ਹਨ। ਉਨਾਂ ਕਿਹਾ ਕਿ ਸ. ਡੱਲੇਵਾਲ ਐਸਕੇਕੈਮ ਗੈਰ ਸਿਆਸੀ ਦੇ ਦੇਸ਼ ਦੇ ਕਨਵੀਨਰ ਹਨ ਜਿਸ ’ਚ 200 ਤੋਂ ਵੱਧ ਜਥੇਬੰਦੀਆਂ ਕੰਮ ਕਰ ਰਹੀਆਂ ਹਨ। ਰਣ ਸਿੰਘ ਚੱਠਾ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ’ਚ ਜਗਜੀਤ ਸਿੰਘ ਡੱਲੇਵਾਲ ਦੀ ਲਗਾਤਾਰ ਵਧ ਰਹੀ ਲੋਕਪ੍ਰਿਅਤਾ ਤੋਂ ਘਬਰਾਈਆਂ ਸਰਕਾਰਾਂ ਦੇ ਇਸ਼ਾਰਿਆਂ ਤੇ ਜਥੇਬੰਦੀ ਦੇ ਕੁੱਝ ਆਗੂ ਜਥੇਬੰਦੀ ਦੇ ਅਕਸ਼ ਨੂੰ ਖਰਾਬ ਕਰਨ ਲਈ ਲਗਾਤਾਰ ਜਥੇਬੰਦੀ ਵਿਰੋਧੀ ਗਤੀਵਿਧੀਆਂ ਕਰ ਰਹੇ ਹਨ ਜਿਸ ਵਿੱਚ ਬਲਾਕ ਭਵਾਨੀਗੜ੍ਹ ਦਾ ਪ੍ਰਧਾਨ ਕਰਨੈਲ ਸਿੰਘ ਕਾਕੜਾ ਵੀ ਸ਼ਾਮਿਲ ਹੈ, ਅੱਜ ਦੀ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਕਰਨੈਲ ਸਿੰਘ ਕਾਕੜਾ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਖਾਰਜ ਕਰਕੇ ਮੀਤ ਪ੍ਰਧਾਨ ਕਰਮਜੀਤ ਸਿੰਘ ਬਾਲਦ ਕਲਾਂ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਕਰਮਜੀਤ ਸਿੰਘ ਬਾਲਦ ਕਲਾਂ ਨੇ ਕਿਹਾ ਕਿ ਉਹ ਮਿਲੀ ਜਿੰਮੇਵਾਰੀ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਹਾਕਮ ਸਿੰਘ ਬਾਲਦ ਕਲਾਂ, ਹਰਮੇਲ ਸਿੰਘ ਬਾਲਦ ਕਲਾਂ, ਜਸਵਿੰਦਰ ਸਿੰਘ ਰਾਮਪੁਰਾ, ਸੁਖਬੀਰ ਸਿੰਘ ਰਾਮਪੁਰਾ, ਮੱਖਣ ਸਿੰਘ ਅਕਬਰਪੁਰ, ਗੁਰਪ੍ਰੀਤ ਸਿੰਘ ਬਲਿਆਲ, ਜਸਪਾਲ ਸਿੰਘ ਸੰਗਤਪੁਰਾ, ਗੁਰਸੇਵਕ ਸਿੰਘ ਰਾਜਪੁਰਾ, ਖੁਸ਼ਵੰਤ ਸਿੰਘ ਤੁਰੀ , ਤਰਸੇਮ ਸਿੰਘ ਅਕਬਰਪੁਰ, ਮਲਕੀਤ ਸਿੰਘ ਬਿਜਲਪੁਰ , ਹਰਪਾਲ ਸਿੰਘ ਬਿਜਲਪੁਰ, ਤੇਜਾ ਸਿੰਘ ਕਪਿਆਲ, ਹਰਦੀਪ ਸਿੰਘ ਰਾਮਪੁਰਾ, ਸਿਮਰਨਜੀਤ ਸਿੰਘ ਬਾਲਦ ਕਲਾਂ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।