ਆਸਟ੍ਰੇਲੀਆ ਵਿਚ ਪੰਜਾਬੀ ਗੀਤ-ਸੰਗੀਤ ਅਤੇ ਸੱਭਿਆਚਾਰ ਦੇ ਪ੍ਰਸਾਰ ਲਈ ਨਿਊ ਇੰਗਲੈਂਡ ਕਾਲਜ ਆਫ ਤਕਨਾਲੋਜੀ, ਡਰੀਮ ਬਿੱਗ ਐਂਟਰਟੇਨਮੈਂਟ ਤੇ ਸਥਾਨਕ ਭਾਈਚਾਰੇ ਦੇ ਸਾਂਝੇ ਉੱਦਮ ਨਾਲ 'ਬ੍ਰਿਸਬੇਨ ਪੰਜਾਬੀ ਮੇਲਾ 2018' ਕਰਵਾਇਆ ਗਿਆ। ਇਸ ਮੇਲੇ ਵਿਚ ਪ੍ਰਸਿੱਧ ਪੰਜਾਬੀ ਗਾਇਕ ਗਗਨ ਕੋਕਰੀ ਅਤੇ ਸਥਾਨਕ ਕਲਾਕਾਰਾਂ ਨੇ ਆਪਣੀ ਕਲਾ ਦਾ ਲੋਹਾ ਮਨਵਾਇਆ। ਟੀਮ ਪੰਜਾਬੀ ਵੱਲੋਂ ਜਗਜੀਤ ਖੋਸਾ, ਜਸਕਿਰਨ ਹਾਂਸ,ਹਰਜੀਤ ਲਸਾੜਾ ਤੇ ਨੀਰਜ ਪੋਪਲੀ ਨੇ ਰੌਕਲੀ ਸ਼ੋਅ ਗਰਾਊਂਡ ਦੇ ਖੁੱਲ੍ਹੇ ਪਿੜ ਵਿਚ ਮੰਚ ਦਾ ਸੰਚਾਲਨ ਆਪਣੀ ਜਨਮਭੂਮੀ ਨੂੰ ਯਾਦ ਕਰਦੇ ਹੋਏ ਜਤਿੰਦਰ ਲਸਾੜਾ ਦੀ ਗ਼ਜਲ 'ਮੇਰਾ ਪਿੰਡ ਮੇਰੇ ਘਰ ਆਇਆ' ਨਾਲ ਕੀਤਾ। ਮੇਲੇ ਦੇ ਪ੍ਰਬੰਧਕਾਂ ਸਨੀ ਢੁੱਡੀਕੇ, ਐਬੀ ਲਾਲਕਾ, ਸਨੀ ਸਿੰਘ, ਜੋਤ ਮੰਡੇਰ, ਦਿਲਪ੍ਰੀਤ ਦਿਆਲ, ਨਵੀਂ ਗਿੱਲ, ਰਾਜ ਨਰੂਲਾ, ਸੰਨੀ ਅਰੋੜਾ, ਕਮਰ ਬੱਲ ਤੇ ਰੋਕੀ ਭੁੱਲਰ ਨੇ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਵਿਚ ਗੱਲਬਾਤ ਕਰਦਿਆਂ ਦੱਸਿਆ ਕਿ ਮੇਲਾ ਸੰਪੂਰਨ ਤੌਰ 'ਤੇ ਪੰਜਾਬੀਅਤ ਦੇ ਨੇੜੇ ਰਿਹਾ ਹੈ। ਮੇਲੇ ਵਿਚ ਸਭ ਨੇ ਗਗਨ ਕੋਕਰੀ ਦੀ ਗਾਇਕੀ ਤੋਂ ਇਲਾਵਾ ਸਥਾਨਕ ਕਲਾਕਾਰਾਂ ਵੱਲੋਂ ਤਿਆਰ ਗਿੱਧਾ-ਭੰਗੜਾ, ਬੱਚਿਆਂ ਦੀਆਂ ਸੰਗੀਤਕ ਵੰਨਗੀਆਂ, ਬੌਲੀਵੁੱਡ ਡਾਂਸ ਤੇ ਲਜ਼ੀਜ਼ ਭੋਜਨ ਦਾ ਲੁਤਫ਼ ਉਠਾਇਆ। ਸਥਾਨਕ ਕਲਾਕਾਰਾਂ ਵਿਚ ਰਿੱਚਾ ਵਿਰਸਾ ਭੰਗੜਾ ਗਰੁੱਪ, ਭਾਵਨਾ ਡਾਂਸ ਗਰੁੱਪ, ਰਣਦੀਪ ਚਾਹਲ ਤੇ ਜੱਗੀ ਢੋਲੀ ਨੇ ਹਾਜ਼ਰੀ ਲਵਾਈ। ਇਸ ਮੌਕੇ ਜੈੱਸਟਾ ਐਂਟਰਟੇਨਮੈਂਟ ਦੀ ਡੀ. ਜੇ. 'ਅਸ਼ੂ' ਨੇ ਆਪਣੇ ਸੁਪਰ-ਮਿਕਸ ਗੀਤਾਂ ਨਾਲ ਮੇਲੇ ਨੂੰ ਸੰਗੀਤਕ ਬਣਾਇਆ। ਉੱਘੀ ਸਮਾਜ ਸੇਵਕਾ ਪਿੰਕੀ ਸਿੰਘ ਵੱਲੋਂ ਲਿਬਰਲ ਪਾਰਟੀ ਆਗੂਆਂ ਦਾ ਮੇਲੇ ਵਿਚ ਸ਼ਾਮਲ ਹੋਣ 'ਤੇ ਧੰਨਵਾਦ ਕੀਤਾ। ਇਸ ਮਗਰੋਂ ਗਾਇਕ ਗਗਨ ਕੋਕਰੀ ਨੇ ਆਪਣੇ ਨਵੇਂ-ਪੁਰਾਣੇ ਗੀਤਾਂ ਨਾਲ ਮੇਲੇ ਨੂੰ ਸ਼ਿਖਰ 'ਤੇ ਪਹੁੰਚਾਇਆ।