ਟੋਰਾਂਟੋ— ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਬੀਤੀ 16 ਮਾਰਚ 2018 ਨੂੰ ਨਮਾਦੀ ਓਬਗਾ ਨਾਂ ਦੇ 26 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਓਬਗਾ ਨਾਲ ਗੋਲੀਬਾਰੀ ਦੀ ਘਟਨਾ ਸਕਾਰਲੇਟਵੁੱਡ ਕੋਰਡ ਨੇੜੇ 16 ਮਾਰਚ ਦੀ ਰਾਤ 11.00 ਵਜੇ ਵਾਪਰੀ ਸੀ, ਉਹ ਆਪਣੇ ਦੋਸਤ ਨੂੰ ਮਿਲਣ ਗਿਆ ਸੀ। ਦੋਸ਼ੀਆਂ ਨੇ ਓਬਗਾ ਦੀ ਪਿੱਠ 'ਤੇ ਗੋਲੀਆਂ ਮਾਰੀਆਂ ਸਨ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਓਬਗਾ ਦੇ ਕਤਲ ਦੇ ਸੰਬੰਧ 'ਚ ਪੁਲਸ ਨੇ ਤੀਜੇ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਤੀਜੇ ਦੋਸ਼ੀ ਦਾ ਨਾਂ ਅਬਦਿਰਾਹਮੈਨ ਈਸਲੋ ਹੈ। ਪੁਲਸ ਨੇ ਉਸ 'ਤੇ ਫਰਸਟ ਡਿਗਰੀ ਮਰਡਰ ਦੇ ਦੋਸ਼ ਲਾਏ ਹਨ।
ਪੁਲਸ ਨੇ ਦੱਸਿਆ ਕਿ ਈਸਲੋ ਦਾ ਕੋਈ ਪੱਕਾ ਪਤਾ ਨਹੀਂ ਹੈ। ਸ਼ੁੱਕਰਵਾਰ ਨੂੰ ਓਲਡ ਸਿਟੀ ਹਾਲ ਦੀ ਅਦਾਲਤ 'ਚ ਉਸ ਨੂੰ ਪੇਸ਼ ਕੀਤਾ ਗਿਆ ਅਤੇ ਉਸ ਨੂੰ ਪੁਲਸ ਹਿਰਾਸਤ 'ਚ ਭੇਜ ਦਿੱਤਾ ਗਿਆ। ਦਰਅਸਲ ਈਸਲੋ ਦੀ ਕਾਰ 'ਚ ਹੀ ਬੈਠ ਕੇ ਬਾਕੀ ਦੇ ਦੋਸ਼ੀ ਓਬਗਾ 'ਤੇ ਗੋਲੀਬਾਰੀ ਕਰਨ ਲਈ ਉਸ ਰਾਤ ਪਹੁੰਚੇ ਸਨ। ਇਸ ਤੋਂ ਪਹਿਲਾਂ ਪੁਲਸ ਨੇ ਵੀਰਵਾਰ ਨੂੰ 19 ਸਾਲਾ ਟਰੇਵੌਨ ਮਿਲਰ ਅਤੇ 22 ਸਾਲਾ ਅਬਦੁੱਲੀ ਮੁਹੰਮਦ ਨੂੰ ਗ੍ਰਿਫਤਾਰ ਕੀਤਾ। ਪੁਲਸ ਨੇ ਉਨ੍ਹਾਂ 'ਤੇ ਫਰਸਟ ਡਿਗਰੀ ਮਰਡਰ ਦੇ ਦੋਸ਼ ਲਾਏ ਹਨ। ਮਿਲਰ ਅਤੇ ਮੁਹੰਮਦ ਨੂੰ ਟੋਰਾਂਟੋ ਪੁਲਸ ਨੇ ਪੰਜ ਵੱਖ-ਵੱਖ ਪਤਿਆਂ ਤੋਂ ਵੀਰਵਾਰ ਦੀ ਸਵੇਰ ਨੂੰ ਗ੍ਰਿਫਤਾਰ ਕੀਤਾ। ਦੋਸ਼ੀਆਂ ਨੂੰ 12 ਅਪ੍ਰੈਲ ਨੂੰ ਮੁੜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਪੁਲਸ ਨੇ ਦੋਸ਼ ਲਾਇਆ ਹੈ ਕਿ 16 ਮਾਰਚ ਨੂੰ ਸਕਾਰਲੇਟਵੁੱਡ ਰੋਡ 'ਤੇ ਮਿਲਰ ਅਤੇ ਮੁਹੰਮਦ ਦੀ ਪਿੱਠ 'ਤੇ ਗੋਲੀਆਂ ਮਾਰੀਆਂ ਸਨ। ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਸ਼ੀ ਇਲਾਕੇ 'ਚ ਆਪਣੀ ਕਾਰ ਛੱਡ ਕੇ ਦੌੜ ਗਏ। ਓਬਗਾ ਟੋਰਾਂਟੋ 'ਚ ਇਲੈਕਟ੍ਰਾਨਿਕ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ। ਓਧਰ ਓਬਗਾ ਦੇ ਪਰਿਵਾਰ ਨੇ ਦੋਸ਼ੀਆਂ ਦੀ ਗ੍ਰਿਫਤਾਰ ਦੀ ਖਬਰ ਦਾ ਸਵਾਗਤ ਕੀਤਾ ਹੈ ਅਤੇ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਪੁੱਤਰ ਨਾਲ ਜੋ ਹੋਇਆ ਉਹ ਗਲਤ ਸੀ। ਓਬਗਾ ਦੇ ਪਿਤਾ ਨੇ ਕਿਹਾ ਕਿ ਉਸ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਸੀ।