ਬਰਤਾਨੀਆ ਦੀ ਪਹਿਲੀ ਮਹਿਲਾ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਛੱਡਿਆ ਕੌਂਸਲਰ ਦਾ ਅਹੁਦਾ

ਬਰਤਾਨੀਆ ਦੀ ਪਹਿਲੀ ਮਹਿਲਾ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਸੈਂਡਵਿਲ ਕੌਂਸਲ ਦੀ ਕੌਂਸਲਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਪ੍ਰੀਤ ਕੌਰ ਗਿੱਲ 2012 ਵਿਚ ਸੇਂਟ ਪੋਲ ਤੋਂ ਕੌਂਸਲਰ ਸੀ ਪਰ ਸੰਸਦ ਮੈਂਬਰ ਬਣਨ ਤੋਂ ਬਾਅਦ ਉਸ ਨੂੰ ਆਪਣੇ ਹਲਕੇ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ 'ਚ ਮੁਸ਼ਕਲ ਹੋ ਰਹੀ ਸੀ, ਜਿਸ ਕਾਰਨ ਉਸ ਨੇ ਅਜਿਹਾ ਕੀਤਾ।
ਅਹੁਦਾ ਛੱਡਣ ਤੋਂ ਪਹਿਲਾਂ ਪ੍ਰੀਤ ਕੌਰ ਨੇ ਸੈਂਡਵਿਲ ਵਿਚ ਆਪਣੇ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਸ ਦੀ ਹਰ ਪੱਖੋਂ ਮਦਦ ਕੀਤੀ ਸੀ। ਪ੍ਰੀਤ ਨੇ ਕਿਹਾ ਕਿ ਇਹ ਹੀ ਸਹੀ ਮੌਕਾ ਸੀ ਜਦੋਂ ਉਸ ਨੂੰ ਸਥਾਨਕ ਸੀਟ ਖ਼ਾਲ੍ਹੀ ਕਰ ਦੇਣੀ ਚਾਹੀਦੀ ਹੈ ਤਾਂ ਕਿ ਕਿਸੇ ਹੋਰ ਨੂੰ ਹਲਕੇ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲ ਸਕੇ। ਪ੍ਰੀਤ ਕੌਰ ਨੇ ਸੈਂਡਵਿਲ ਕੌਂਸਲ ਦੇ 27 ਉਮੀਦਵਾਰਾਂ ਵਿਚੋਂ ਕਿਸੇ ਇਕ ਵੀ ਸਿੱਖ ਔਰਤ ਨੂੰ ਲੇਬਰ ਉਮੀਦਵਾਰ ਨਾ ਬਣਾਏ ਜਾਣ 'ਤੇ ਨਾਰਾਜ਼ਗੀ ਵੀ ਪ੍ਰਗਟ ਕੀਤੀ। ਉਸ ਨੇ ਕਿਹਾ ਕਿ ਆਸ ਹੈ ਕਿ ਭਵਿੱਖ ਵਿਚ ਵਾਰਡ ਦੇ ਮੈਂਬਰ ਅਤੇ ਨੁਮਾਇੰਦੇ ਇਸ ਬਾਰੇ ਵਿਚਾਰ-ਵਟਾਂਦਰਾ ਕਰਨਗੇ। ਪ੍ਰੀਤ ਕੌਰ ਗਿੱਲ ਐਜ਼ਬਾਸਟਨ ਇਲਾਕੇ ਤੋਂ ਸੰਸਦ ਮੈਂਬਰ ਹੈ, ਜਿਸ ਨੂੰ ਲੇਬਰ ਆਗੂ ਜੈਰਮੀ ਕੌਰਬਿਨ ਨੇ ਅੰਤਰਰਾਸ਼ਟਰੀ ਵਿਕਾਸ ਸ਼ੈਡੋ ਮੰਤਰੀ ਬਣਾਇਆ ਹੈ।