ਲੰਡਨ ਦੇ ਕਰੈਨਫੋਰਡ ਕਮਿਊਨਿਟੀ ਕਾਲਜ ਨੇ ਇਕ ਸਿੱਖ ਨੌਜਵਾਨ ਨੂੰ ਕਿਰਪਾਨ ਪਹਿਨਣ ਤੋਂ ਰੋਕਿਆ ਤਾਂ ਉਕਤ ਨੌਜਵਾਨ ਨੇ ਕਾਲਜ ਦੇ ਬਾਹਰ ਇਕ ਵੀਡੀਓ ਬਣਾ ਕੇ ਸਿੱਖ ਆਗੂਆਂ ਅਤੇ ਸਥਾਨਕ ਸਿੱਖ ਭਾਈਚਾਰੇ ਨੂੰ ਭੇਜ ਦਿੱਤੀ, ਜਿਸ ਨਾਲ ਨਵਾਂ ਵਿਵਾਦ ਪੈਦਾ ਹੋ ਗਿਆ। ਨੌਜਵਾਨ ਨੇ ਦੋਸ਼ ਲਾਇਆ ਕਿ ਕਾਲਜ ਵਿਚ ਉਸ ਨੂੰ ਕਿਰਪਾਨ ਪਹਿਨਣ ਤੋਂ ਰੋਕਿਆ ਜਾ ਰਿਹਾ ਹੈ ਜਦ ਕਿ ਉਹ ਪਿਛਲੇ ਚਾਰ ਸਾਲ ਤੋਂ ਕਿਰਪਾਨ ਪਹਿਨ ਕੇ ਕਾਲਜ ਆ ਰਿਹਾ ਹੈ, ਜਿਸ ਬਾਰੇ ਸਮੂਹ ਅਧਿਆਪਕ ਵੀ ਜਾਣਦੇ ਸਨ।
ਇਸ ਮਸਲੇ ਨੂੰ ਲੈ ਕੇ ਸਿੱਖ ਕੌਂਸਲ ਯੂ.ਕੇ. ਨੇ ਕਾਲਜ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਤੇ ਮਾਮਲੇ ਨੂੰ ਨਜਿੱਠਿਆ। ਸਿੱਖ ਕੌਂਸਲ ਵੱਲੋਂ ਕਰੈਨਫੋਰਡ ਕਮਿਊਨਿਟੀ ਕਾਲਜ ਨਾਲ ਮਿਲ ਕੇ ਜਾਰੀ ਕੀਤੇ ਸਾਂਝੇ ਬਿਆਨ ਵਿਚ ਕਿਹਾ ਕਿ ਕਿਰਪਾਨ ਦੇ ਪਹਿਨਣ ਨੂੰ ਲੈ ਕੇ ਜੋ ਮਸਲਾ ਸੀ ਉਹ ਹੁਣ ਹੱਲ ਕਰ ਲਿਆ ਗਿਆ ਹੈ। ਇਸ ਮਾਮਲੇ ਵਿਚ ਪੈਦਾ ਹੋਈ ਗ਼ਲਤਫ਼ਹਿਮੀ ਨਾਲ ਦੋ ਵਿਦਿਆਰਥੀ ਪ੍ਰਭਾਵਿਤ ਹੋਏ ਸਨ। ਕੁਝ ਰਿਪੋਰਟਾਂ ਦੇ ਉਲਟ ਵਿਦਿਆਰਥੀਆਂ ਨੂੰ ਕਦੇ ਵੀ ਕਾਲਜ ਵਿਚੋਂ ਨਹੀਂ ਕੱਢਿਆ ਗਿਆ ਤੇ ਸਿੱਖ ਧਰਮ ਵਿਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਕਿਰਪਾਨ ਸਮੇਤ ਸਭ ਕਕਾਰ ਪਹਿਨ ਕੇ ਆਉਣ ਦੀ ਖੁੱਲ੍ਹ ਹੈ। ਸਿੱਖ ਕੌਂਸਲ ਤੇ ਕਾਲਜ ਨੇ ਕਿਹਾ ਕਿ ਉਹ ਭਵਿੱਖ 'ਚ ਵੀ ਇਕੱਠੇ ਮਿਲ ਕੇ ਕੰਮ ਕਰਨ, ਅਜਿਹੇ ਮਾਮਲਿਆਂ ਨੂੰ ਨਜਿੱਠਣ ਤੇ ਪੈਦਾ ਹੋਣ ਵਾਲੀਆਂ ਗ਼ਲਤ ਫਹਿਮੀਆਂ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨਗੇ ਤਾਂ ਕਿ ਭਵਿੱਖ ਵਿਚ ਕੋਈ ਗ਼ਲਤ ਫਹਿਮੀ ਨਾ ਪੈਦਾ ਹੋ ਸਕੇ।