ਨੋਬਲ ਪੁਰਸਕਾਰ ਜੇਤੂ ਮਲਾਲਾ ਯੁਸੂਫਜਈ ਅੱਜ ਪਾਕਿਸਤਾਨ ਦੇ ਸਵਾਤ ਘਾਟੀ ਵਿਚ ਆਪਣੇ ਜੱਦੀ ਪਿੰਡ ਪਹੁੰਚੀ। ਲੜਕੀਆਂ ਦੀ ਸਿੱਖਿਆ ਦੀ ਵਕਾਲਤ ਕਰਨ ਵਾਲੀ ਮਲਾਲਾ ਨੂੰ ਪੰਜ ਸਾਲ ਪਹਿਲਾਂ ਤਾਲਿਬਾਨ ਦੇ ਅੱਤਵਾਦੀਆਂ ਨੇ ਸਿਰ ਵਿਚ ਗੋਲੀ ਮਾਰ ਦਿੱਤੀ ਸੀ। ਉਹ ਇਸ ਘਟਨਾ ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਆਈ ਹੈ। ਸੂਤਰਾਂ ਨੇ ਦੱਸਿਆ ਕਿ ਸਖਤ ਸੁਰੱਖਿਆ ਦੌਰਾਨ ਮਲਾਲਾ ਆਪਣੇ ਮਾਤਾ-ਪਿਤਾ ਨਾਲ ਖੈਬਰ ਪਖਤੂਨਖਵਾ ਸੂਬੇ ਦੇ ਸਵਾਤ ਜ਼ਿਲੇ ਵਿਚ ਅੱਜ ਇਕ ਦਿਨ ਦੇ ਦੌਰੇ ਉੱਤੇ ਪਹੁੰਚੀ ਹੈ। ਉਹ ਸਰਕਿਟ ਹਾਊਸ ਵਿਚ ਰੁੱਕੀ ਹੈ ਅਤੇ ਇਸ ਦੇ ਬਾਹਰ ਸੁਰੱਖਿਆ ਬਲ ਤਾਇਨਾਤ ਹਨ। ਸੂਤਰਾਂ ਨੇ ਦੱਸਿਆ ਕਿ ਮਲਾਲਾ ਮਿੰਗੋਰਾ ਦੇ ਮਾਕਨ ਬਾਗ ਵਿਚ ਸਥਿਤ ਆਪਣੇ ਜੱਦੀ ਘਰ ਵਿਚ ਜਾਏਗੀ। ਇਸ ਦੇ ਨਾਲ ਹੀ ਉਹ ਸਾਂਗਲਾ ਜ਼ਿਲੇ ਵਿਚ ਇਕ ਸਕੂਲ ਦਾ ਉਦਘਾਟਨ ਕਰੇਗੀ। ਇਕ ਨਿਊਜ਼ ਚੈਨਲ ਨੂੰ ਕੱਲ ਦਿੱਤੇ ਇਕ ਇੰਟਰਵਿਊ ਵਿਚ ਮਲਾਲਾ ਨੇ ਦੱਸਿਆ ਸੀ ਕਿ ਜਿਵੇਂ ਹੀ ਉਹ ਆਪਣੀ ਪੜ੍ਹਾਈ ਪੂਰੀ ਕਰ ਲਵੇਗੀ, ਉਹ ਸਥਾਈ ਤੌਰ ਉੱਤੇ ਪਾਕਿਸਤਾਨ ਵਾਪਸ ਪਰਤ ਆਏਗੀ। ਮਲਾਲਾ ਨੇ ਕਿਹਾ, 'ਮੇਰੀ ਯੋਜਨਾ ਪਾਕਿਸਤਾਨ ਪਰਤਣ ਦੀ ਹੈ ਕਿਉਂਕਿ ਇਹ ਮੇਰਾ ਦੇਸ਼ ਹੈ। ਜਿਵੇਂ ਕਿਸੇ ਹੋਰ ਪਾਕਿਸਤਾਨੀ ਨਾਗਰਿਕ ਦਾ ਅਧਿਕਾਰ ਪਾਕਿਸਤਾਨ ਉੱਤੇ ਹੈ, ਉਂਝ ਹੀ ਮੇਰਾ ਵੀ ਹੈ।'' ਉਨ੍ਹਾਂ ਨੇ ਪਾਕਿਸਤਾਨ ਆਉਣ ਉੱਤੇ ਖੁਸ਼ੀ ਪ੍ਰਗਟ ਕੀਤੀ ਅਤੇ ਲੜਕੀਆਂ ਨੂੰ ਸਿੱਖਿਆ ਉਪਲੱਬਧ ਕਰਾਉਣ ਦੇ ਆਪਣੇ ਮਿਸ਼ਨ ਉੱਤੇ ਜ਼ੋਰ ਦਿੱਤਾ।