ਦਿੱਲੀ ਦੇ ਸੈਲਾਨੀ ਜੋੜੇ ਦੇ ਕਤਲ ਦੇ ਮਾਮਲੇ 'ਚ ਦੋਸ਼ੀ ਨੂੰ ਮੌਤ ਦੀ ਸਜ਼ਾ, ਹੋਰ ਤਿੰਨ ਨੂੰ ਉਮਰ ਕੈਦ

ਉਤਰਾਖੰਡ 'ਚ ਤਿੰਨ ਸਾਲ ਪਹਿਲਾਂ ਦਿੱਲੀ ਦੇ ਇਕ ਸੈਲਾਨੀ ਜੋੜੇ ਦਾ ਕਤਲ ਕਰਨ ਦੇ ਦੋਸ਼ 'ਚ ਇਕ ਟੈਕਸੀ ਚਾਲਕ ਨੂੰ ਮੌਤ ਦੀ ਸਜ਼ਾ ਅਤੇ ਉਸ ਦੇ ਤਿੰਨ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜ਼ਿਲਾ ਅਤੇ ਸੈਸ਼ਨ ਜਸਟਿਸ ਮੁਹੰਮਦ ਸੁਲਤਾਨ ਨੇ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਇਸ ਘਟਨਾ ਨੇ ਸੈਰ-ਸਪਾਟਾ ਰਾਜ ਦੇਵਭੂਮੀ ਦੀ ਅਕਸ ਕਲੰਕਿਤ ਕੀਤੀ। ਅਦਾਲਤ ਨੇ ਕਿਹਾ ਕਿ ਮੁੱਖ ਦੋਸ਼ੀ ਨੂੰ ਮੌਤ ਦੀ ਸਜ਼ਾ ਅਤੇ ਹੋਰਾਂ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਇਕ ਸਖਤ ਸੰਦੇਸ਼ ਦਿੱਤਾ ਗਿਆ ਹੈ। ਮੁੱਖ ਦੋਸ਼ੀ ਰਾਜੂਦਾਸ ਆਪਣੀ ਬੋਲੇਰੋ ਕਾਰ 'ਚ ਜੋੜਨ ਨੂੰ ਚਕਰਾਤਾ ਤੋਂ ਟਾਈਗਰ ਫਾਲ ਲੈ ਕੇ ਜਾ ਰਿਹਾ ਸੀ ਅਤੇ ਉਸ ਨੇ ਆਪਣੇ ਤਿੰਨ ਦੋਸਤਾਂ ਨਾਲ ਮਿਲ ਕੇ ਜੋੜੇ ਨੂੰ ਲੁੱਟਣ ਅਤੇ ਉਨ੍ਹਾਂ ਦਾ ਕਤਲ ਕਰਨ ਦੀ ਸਾਜਿਸ਼ ਰਚੀ। ਅਦਾਲਤ ਨੇ ਰਾਜੂਦਾਸ 'ਤੇ 65 ਹਜ਼ਾਰ ਰੁਪਏ ਦਾ ਜ਼ੁਰਮਾਨਾ ਅਤੇ ਉਸ ਦੇ ਤਿੰਨ ਸਾਥੀਆਂ 'ਚੋਂ ਹਰੇਕ 'ਤੇ 1,15000 ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ।
ਇਹ ਹੈ ਮਾਮਲਾ
ਮੋਮਿਤਾ ਦਾਸ ਅਤੇ ਉਸ ਦਾ ਦੋਸਤ ਅਭਿਜੀਤ ਪਾਲ ਦੀਵਾਲੀ ਦੀਆਂ ਛੁੱਟੀਆਂ ਬਿਤਾਉਣ 22 ਅਕਤੂਬਰ 2014 ਨੂੰ ਚਕਰਾਤਾ ਆਏ ਸਨ। ਮੂਲ ਰੂਪ ਨਾਲ ਪੱਛਮੀ ਬੰਗਾਲ ਦੇ ਰਹਿਣ ਵਾਲੇ ਇਹ ਦੋਵੇਂ ਦਿੱਲੀ 'ਚ ਰਹਿੰਦੇ ਸਨ। ਉਨ੍ਹਾਂ ਨੇ ਟਾਈਗਰ ਫਾਲਸ ਜਾਣ ਲਈ 23 ਅਕਤੂਬਰ ਨੂੰ ਰਾਜੂਦਾਸ ਦੀ ਟੈਕਸੀ ਕਿਰਾਏ 'ਤੇ ਲਈ ਸੀ। ਰਾਜੂਦਾਸ ਦੇ ਦੋਸਤ ਗੁੱਡੂ, ਕੁੰਦਨ ਅਤੇ ਬੱਬਲੂ ਰਸਤੇ 'ਚ ਉਨ੍ਹਾਂ ਨੂੰ ਮਿਲੇ। ਟਾਈਗਰ ਫਾਲਸ ਤੋਂ ਆਉਂਦੇ ਸਮੇਂ ਟੈਕਸੀ ਚਾਲਕ ਅਤੇ ਉਸ ਦੇ ਦੋਸਤਾਂ ਨੇ ਮੋਮਿਤਾ ਨਾਲ ਗਲਤ ਵਤੀਰਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਅਭਿਜੀਤ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਦਾ ਗਲਾ ਘੁੱਟ ਦਿੱਤਾ ਅਤੇ ਉਸ ਦੀ ਲਾਸ਼ ਨੂੰ ਨੌਗਾਓਂ ਨੇੜੇ ਇਕ ਖੱਡ 'ਚ ਸੁੱਟ ਦਿੱਤਾ। ਉਨ੍ਹਾਂ ਨੇ ਬਾਅਦ 'ਚ ਮੋਮਿਤਾ ਦਾ ਵੀ ਗਲਾ ਘੁੱਟ ਦਿੱਤਾ ਅਤੇ ਉਸ ਦੀ ਲਾਸ਼ ਨੂੰ ਯਮੁਨਾ 'ਚ ਸੁੱਟ ਦਿੱਤਾ। ਅਦਾਲਤ ਨੇ ਚਾਰਾਂ ਨੂੰ ਕਤਲ, ਲੁੱਟ ਅਤੇ ਸਾਜਿਸ਼ ਰਚਣ ਦਾ ਦੋਸ਼ੀ ਠਹਿਰਾਇਆ ਸੀ।