ਬੱਚਿਆਂ ਲਈ ਢਿੱਲੀਆਂ ਜੁੱਤੀਆਂ ਖ਼ਰੀਦੋ

ਬੱਚਿਆਂ ਦੇ ਪੈਰ ਤੇਜ਼ੀ ਨਾਲ ਵਧਦੇ ਹਨ, ਇਸ ਲਈ ਉਨ੍ਹਾਂ ਵਾਸਤੇ ਜੁੱਤੀਆਂ ਖਰੀਦਦੇ ਸਮੇਂ ਖਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਅੱਗੇ ਜਾ ਕੇ ਬੱਚਿਆਂ ਨੂੰ ਤਕਲੀਫਾਂ ਦਾ ਸਾਹਮਣਾ ਨਾ ਕਰਨਾ ਪਵੇ।
ਆਮ ਧਾਰਨਾ ਹੈ ਕਿ ਖਰੀਦਦੇ ਸਮੇਂ ਜੁੱਤੀ ਥੋੜ੍ਹੀ ਘੁੱਟਵੀਂ ਜਾਂ ਇਕਦਮ ਫਿੱਟ ਹੋਣੀ ਚਾਹੀਦੀ ਹੈ। ਕਿਉਂਕਿ ਇਸਤੇਮਾਲ ਹੋਣ 'ਤੇ ਜੁੱਤੀ ਆਪਣੇ-ਆਪ ਢਿੱਲੀ ਹੋ ਜਾਂਦੀ ਹੈ ਪਰ ਇਸ ਮਾਮਲੇ ਵਿਚ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਇਹ ਗੱਲ ਸਿਰਫ 30 ਸਾਲ ਤੋਂ ਬਾਅਦ ਦੇ ਲੋਕਾਂ 'ਤੇ ਹੀ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ, ਕਿਉਂਕਿ 30 ਤੋਂ ਬਾਅਦ ਆਦਮੀ ਦਾ ਵਧਣਾ ਲਗਪਗ ਰੁਕ ਜਾਂਦਾ ਹੈ, ਜਦੋਂ ਕਿ ਬੱਚੇ ਤੇਜ਼ੀ ਨਾਲ ਵਧਦੇ ਹਨ। ਵਧਣ ਦੀ ਗਤੀ ਅੱਲ੍ਹੜਪੁਣੇ ਤੋਂ ਬਾਅਦ ਹੌਲੀ ਹੁੰਦੀ ਹੈ। ਮਾਹਿਰਾਂ ਦੇ ਅਨੁਸਾਰ ਜੁੱਤੀ ਦਾ ਆਕਾਰ ਬੱਚਿਆਂ ਦੇ ਪੈਰ ਨਾਲੋਂ 12 ਤੋਂ 16 ਮਿਲੀਮੀਟਰ ਵੱਡਾ ਹੋਣਾ ਚਾਹੀਦਾ ਹੈ। ਜਿਨ੍ਹਾਂ ਬੱਚਿਆਂ ਦੀ ਜੁੱਤੀ ਕੱਸੀ ਹੁੰਦੀ ਹੈ, ਉਹ ਪੈਰਾਂ ਨੂੰ ਕੱਟਦੀ ਹੈ। ਇਸ ਨਾਲ ਨਾ ਸਿਰਫ ਬੱਚਿਆਂ ਨੂੰ ਸਰੀਰਕ ਕਸ਼ਟ ਹੁੰਦਾ ਹੈ, ਬਲਕਿ ਮਾਨਸਿਕ ਪੱਧਰ 'ਤੇ ਵੀ ਪ੍ਰੇਸ਼ਾਨੀ ਹੁੰਦੀ ਹੈ। ਇਸ ਨਾਲ ਪੈਰਾਂ ਦਾ ਆਕਾਰ ਵਿਗੜਨ ਦਾ ਖ਼ਤਰਾ ਤਾਂ ਰਹਿੰਦਾ ਹੀ ਹੈ, ਮਾਨਸਿਕ ਅਤੇ ਸਰੀਰਕ ਵਿਕਾਸ 'ਤੇ ਵੀ ਪ੍ਰਤੀਕੂਲ ਅਸਰ ਪੈਣ ਦਾ ਖ਼ਤਰਾ ਪੈ ਜਾਂਦਾ ਹੈ। ਇਹੀ ਨਹੀਂ, ਬੱਚਾ ਚਿੜਚਿੜਾ ਅਤੇ ਝਗੜਾਲੂ ਹੋ ਸਕਦਾ ਹੈ।