ਕਦੇ ਸਾਈਕਲ ਨਹੀਂ ਸੀ ਚਲਾਇਆ, ਕੈਨੇਡਾ 'ਚ ਬਣੀ ਪਹਿਲੀ ਸਿੱਖ ਮਹਿਲਾ ਟਰੱਕ ਡਰਾਈਵਰ

ਵੈਨਕੂਵਰ/ ਕਪੂਰਥਲਾ— ਬਹੁਤ ਸਾਰੀਆਂ ਔਰਤਾਂ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਉਹ ਔਖਾ ਅਤੇ ਵੱਡਾ ਕੰਮ ਨਹੀਂ ਕਰ ਸਕਦੀਆਂ। ਇਸ ਲਈ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰਦੀਆਂ ਪਰ ਕਈ ਔਰਤਾਂ 'ਚ ਇੰਨਾ ਕੁ ਜਜ਼ਬਾ ਹੁੰਦਾ ਹੈ ਕਿ ਉਹ ਆਪਣੀਆਂ ਇੱਛਾਵਾਂ ਨੂੰ ਹੌਂਸਲੇ ਨਾਲ ਪੂਰਾ ਕਰਦੀਆਂ ਹਨ। ਅਜਿਹੀ ਹੀ ਇਕ ਔਰਤ ਦਾ ਜ਼ਿਕਰ ਅਸੀਂ ਮਹਿਲਾ ਦਿਵਸ ਦੇ ਵਿਸ਼ੇਸ਼ ਮੌਕੇ 'ਤੇ ਕਰ ਰਹੇ ਹਾਂ, ਜਿਸ ਨੇ ਕੈਨੇਡਾ ਵਰਗੇ ਦੇਸ਼ 'ਚ ਪਹਿਲੀ ਸਿੱਖ ਮਹਿਲਾ ਟਰੱਕ ਡਰਾਈਵਰ ਹੋਣ ਦਾ ਸਨਮਾਨ ਹਾਸਲ ਕੀਤਾ। ਪੰਜਾਬ ਦੇ ਸ਼ਹਿਰ ਕਪੂਰਥਲਾ 'ਚ ਜੰਮੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਹ ਕੈਨੇਡਾ ਅਤੇ ਅਮਰੀਕਾ ਦੀਆਂ ਸੜਕਾਂ 'ਤੇ ਟਰੱਕ ਚਲਾਉਂਦੀ ਹੈ ਅਤੇ ਉਸ ਨੂੰ ਮਾਣ ਹੈ ਕਿ ਉਸ ਨੇ ਆਪਣਾ ਸੁਪਨਾ ਪੂਰਾ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਨੇ ਪੰਜਾਬ 'ਚ ਤਾਂ ਕਦੇ ਸਾਈਕਲ ਤਕ ਨਹੀਂ ਚਲਾਇਆ ਸੀ ਪਰ ਆਪਣੀ ਜ਼ਿੱਦ ਕਾਰਨ ਉਹ ਕੈਨੇਡਾ 'ਚ ਟਰੱਕ ਚਲਾ ਰਹੀ ਹੈ।
ਰਾਜਵਿੰਦਰ ਕੌਰ ਨੇ ਦੱਸਿਆ ਕਿ ਕੈਨੇਡਾ 'ਚ ਗੋਰੀਆਂ ਨੂੰ ਟਰੱਕ ਚਲਾਉਂਦੀਆਂ ਦੇਖ ਉਸ ਦੇ ਦਿਲ 'ਚ ਵੀ ਇੱਛਾ ਜਾਗੀ ਕਿ ਉਹ ਵੀ ਟਰੱਕ ਚਲਾਵੇ। ਉਸ ਦਾ ਪਤੀ ਪਹਿਲਾਂ ਹੀ ਟਰੱਕ ਡਰਾਈਵਰ ਰਿਹਾ ਹੈ ਅਤੇ ਇਸੇ ਕਾਰਨ ਉਸ ਨੇ ਉਸ ਤੋਂ ਹੀ ਟਰੱਕ ਚਲਾਉਣ ਦੀ ਸਿਖਲਾਈ ਲਈ। ਰਾਜਵਿੰਦਰ ਨੇ ਦੱਸਿਆ ਕਿ ਹੁਣ ਉਹ 53 ਫੁੱਟ ਲੰਬਾ ਟਰੱਕ ਚਲਾ ਰਹੀ ਹੈ।
ਕਪੂਰਥਲੇ ਦੇ ਪਿੰਡ 'ਚ ਹੋਇਆ ਸੀ ਜਨਮ—
ਰਾਜਵਿੰਦਰ ਦਾ ਜਨਮ ਕਪੂਰਥਲੇ ਦੇ ਪਿੰਡ ਸਿੰਧਵਾਂ ਦੋਨਾਂ ਦੇ ਨਿਵਾਸੀ ਕਿਸਾਨ ਮਲਕੀਤ ਸਿੰਘ ਦੇ ਘਰ ਹੋਇਆ। ਰਾਜਵਿੰਦਰ ਨੇ ਦੱਸਿਆ ਕਿ ਉਸ ਨੇ ਹਿੰਦੂ ਕੰਨਿਆ ਕਾਲਜ ਕਪੂਰਥਲਾ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਉਸ ਦਾ ਵਿਆਹ 1999 'ਚ ਬੋਪਾਰਾਏ ਦੇ ਮਲਕੀਤ ਸਿੰਘ ਨਾਲ ਵਿਆਹ ਹੋਇਆ। ਮਲਕੀਤ ਦਾ ਪਰਿਵਾਰ ਵੈਨਕੂਵਰ ਕੈਨੇਡਾ 'ਚ ਰਹਿੰਦਾ ਸੀ ਅਤੇ ਉਹ ਵੀ ਵਿਆਹ ਮਗਰੋਂ ਕੈਨੇਡਾ ਗਈ। ਜਦ ਉਸ ਨੇ ਗੋਰੀਆਂ ਨੂੰ ਦੇਖ ਕੇ ਟਰੱਕ ਚਲਾਉਣ ਦੀ ਇੱਛਾ ਪ੍ਰਗਟ ਕੀਤੀ ਤਾਂ ਉਸ ਦੇ ਪਤੀ ਨੇ ਵੀ ਖੁਸ਼ੀ-ਖੁਸ਼ੀ ਉਸ ਦੀ ਇੱਛਾ ਪੂਰੀ ਕਰਨ ਲਈ ਪੂਰਾ ਸਾਥ ਦਿੱਤਾ। ਉਸ ਨੇ ਡਰਾਈਵਰੀ ਸਿੱਖੀ ਅਤੇ ਲਾਇਸੈਂਸ ਲਿਆ। ਹੁਣ ਉਹ 2002 ਤੋਂ ਇਕੱਲੀ ਹੀ ਟਰੱਕ ਚਲਾਉਂਦੀ ਹੈ। ਉਨ੍ਹਾਂ ਦੇ ਦੋ ਪੁੱਤਰ ਹਨ। ਵੱਡਾ ਮੁੰਡਾ ਜ਼ੋਰਾਵਰ ਸਿੰਘ 17 ਸਾਲ ਦਾ ਹੈ ਅਤੇ ਛੋਟਾ ਪੁੱਤ ਜੁਝਾਰ ਸਿੰਘ 15 ਸਾਲ ਦਾ ਹੈ ਅਤੇ ਦੋਵੇਂ ਪੜ੍ਹਾਈ ਕਰ ਰਹੇ ਹਨ।
ਚਲਾਉਂਦੀ ਹੈ 53 ਫੁੱਟ ਲੰਬਾ ਟਰੱਕ—
ਰਾਜਵਿੰਦਰ ਫਿਲਹਾਲ ਆਪਣੀ ਭਤੀਜੀ ਦੇ ਵਿਆਹ 'ਚ ਸ਼ਾਮਲ ਹੋਣ ਲਈ ਪੰਜਾਬ ਆਈ ਹੋਈ ਹੈ। ਉਸ ਦੇ ਪਰਿਵਾਰ ਨੂੰ ਉਸ 'ਤੇ ਮਾਣ ਹੈ। ਰਾਜਵਿੰਦਰ ਨੇ ਕਿਹਾ ਕਿ ਉਹ ਔਰਤਾਂ ਨੂੰ ਅਪੀਲ ਕਰਦੀ ਹੈ ਕਿ ਉਹ ਕੋਈ ਵੀ ਕੰਮ ਔਖਾ ਸਮਝ ਕੇ ਘਬਰਾਉਣ ਨਾ ਸਗੋਂ ਹਿੰਮਤ ਨਾਲ ਉਸ ਨੂੰ ਪੂਰਾ ਕਰਨ ਲਈ ਕੋਸ਼ਿਸ਼ਾਂ ਕਰਨ ਤਾਂ ਕਿ ਦੁਨੀਆ ਉਨ੍ਹਾਂ ਦੀ ਅਸਲੀ ਸ਼ਕਤੀ ਨੂੰ ਪਹਿਚਾਣ ਸਕੇ। ਉਸ ਨੇ ਹੱਸਦਿਆਂ ਕਿਹਾ,''ਭਾਵੇਂ ਪੰਜਾਬ 'ਚ ਮੈਂ ਸਾਈਕਲ ਨਹੀਂ ਚਲਾਇਆ ਪਰ ਕੈਨੇਡਾ 'ਚ 53 ਫੁੱਟ ਲੰਬੇ ਟਰੱਕ ਦੇ ਪਹੀਏ ਮੇਰੀ ਮਰਜ਼ੀ ਦੀ ਸਪੀਡ ਨਾਲ ਦੌੜਦੇ ਹਨ।''