ਗੋਹਾਨਾ — 26 ਅਕਤੂਬਰ 2014 ਨੂੰ ਕੌਮਾਂਤਰੀ ਪੱਧਰ ਦੇ ਮਸ਼ਹੂਰ ਪੰਜਾਬ ਨੈਸ਼ਨਲ ਬੈਂਕ ਸੁਰੰਗ ਕਾਂਡ 'ਚ ਪੀੜਤ ਲਾਕਰ ਧਾਰਕ ਹੁਣ ਇਸ ਗੱਲ 'ਤੇ ਸਹਿਮਤ ਹੋਏ ਹਨ ਕਿ ਉਹ ਇਕ ਦੂਸਰੇ ਦੇ ਨੁਕਸਾਨ ਦੇ ਦਾਅਵਿਆਂ ਨੂੰ ਚੁਣੋਤੀ ਨਹੀਂ ਦੇਣਗੇ। ਇਸ ਦੇ ਨਾਲ ਹੀ ਗ੍ਰਿਫਤਾਰ ਦੋਸ਼ੀਆਂ ਕੋਲੋਂ ਬਰਾਮਦ ਗਹਿਣੇ ਵੇਚ ਕੇ ਮਿਲੀ ਨਕਦ ਰਾਸ਼ੀ ਨੂੰ ਪੀੜਤ ਲਾਕਰ ਧਾਰਕਾਂ ਵਿਚ ਵੰਡਣ ਦਾ ਰਸਤਾ ਹੁਣ ਬਹੁਤ ਹੀ ਅਸਾਨ ਹੋ ਜਾਵੇਗਾ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ 'ਤੇ ਮਾਮਲੇ ਦੀ ਸੁਣਵਾਈ ਸੈਸ਼ਨ ਅਦਾਲਤ ਵਲੋਂ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਜਿਸ ਵਿਚ ਹੁਣ ਅਦਾਲਤ ਨੇ ਬਚੇ 5 ਲਾਕਰ ਧਾਰਕਾਂ ਅਤੇ ਉਨ੍ਹਾਂ ਦੇ ਕਾਨੂੰਨੀ ਵਾਰਸਾ ਨੂੰ ਵੀ ਤਲਬ ਕਰ ਲਿਆ ਹੈ। ਪੰਜਾਬ ਨੈਸ਼ਨਲ ਬੈਂਕ ਦੇ ਨਾਲ ਲਗਦੀ ਇਕ ਪੁਰਾਣੀ ਬਿਲਡਿੰਗ 'ਚੋਂ ਸਟਰੋਂਗ(ਲਾਕਰ) ਰੂਮ ਤੱਕ ਸੁਰੰਗ ਖੋਦ ਕੇ 78 ਲਾਕਰ ਤੋੜ ਦਿੱਤੇ ਗਏ ਸਨ। ਇਨ੍ਹਾਂ ਵਿਚੋਂ ਇਕ ਲਾਕਰ ਖਾਲ੍ਹੀ ਸੀ ਅਕੇ ਬਾਕੀ ਦੇ 77 ਲਾਕਰ ਧਾਰਕਾਂ ਦੀ ਪੀੜ੍ਹੀਆਂ ਦੀ ਜਮ੍ਹਾ ਪੂੰਜੀ ਇਕ ਝਟਕੇ ਵਿਚ ਦੋਸ਼ੀਆਂ ਨੇ ਸਾਫ ਕਰ ਦਿੱਤੀ ਸੀ। ਬਾਅਦ ਵਿਚ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਨ੍ਹਾਂ ਕੋਲੋਂ ਚੋਰੀ ਕੀਤੇ ਗਹਿਣੇ ਵੀ ਬਰਾਮਦ ਕਰ ਲਏ ਗਏ ਸਨ।
ਸੈਸ਼ਨ ਅਦਾਲਤ ਨੇ ਆਪਣੀ ਰਿਪੋਰਟ 2 ਮਈ ਨੂੰ ਹਾਈਕੋਰਟ ਨੂੰ ਦੇਣੀ ਹੈ। ਰਿਪੋਰਟ ਸਮੇਂ ਸਿਰ ਸੌਂਪਣ ਲਈ ਸੈਸ਼ਨ ਅਦਾਲਤ ਸੁਣਵਾਈ ਵਿਚ ਕਿਸੇ ਤਰ੍ਹਾਂ ਦੀ ਦੇਰ ਨਹੀਂ ਹੋਣ ਦੇ ਰਹੀ ਹੈ। ਅਗਲੀ ਪੇਸ਼ੀ 30 ਮਾਰਚ ਨੂੰ ਹੋਣੀ ਹੈ। ਪੀੜਤ ਲਾਕਰ ਧਾਰਕਾਂ ਵਿਚੋਂ 73 ਮਾਲਿਕਾਂ ਦੇ ਖੁਦ ਦੇ ਅਤੇ ਉਨ੍ਹਾਂ ਦੇ ਕਾਨੂੰਨੀ ਵਾਰਸਾਂ ਦੇ ਬਿਆਨ ਅਦਾਲਤ ਲੈ ਚੁੱਕੀ ਹੈ ਜਿਸ ਦੇ ਮੁਤਾਬਕ ਇਹ ਸਾਰੇ ਪਰਿਵਾਰ ਇਸ ਗੱਲ 'ਤੇ ਪੂਰੀ ਤਰ੍ਹਾਂ ਇਕਜੁੱਟ ਹੋ ਗਏ ਹਨ ਕਿ ਕੋਈ ਵੀ ਲਾਕਰ ਧਾਰਕ ਦੂਸਰੇ ਲਾਕਰ ਧਾਰਕ ਵਲੋਂ ਦਿੱਤੇ ਗਏ ਆਪਣੇ ਨੁਕਸਾਨ ਦੇ ਸੁਹੰ-ਪੱਤਰ ਨੂੰ ਚੁਣੌਤੀ ਨਹੀਂ ਦੇਵੇਗਾ।
ਇਸ ਸਹਿਮਤੀ ਤੋਂ ਬਾਅਦ ਅਦਾਲਤ ਲਈ ਪੀੜਤ ਲਾਕਰ ਧਾਰਕਾਂ ਵਿਚ ਬਰਾਮਦ ਗਹਿਣੇ ਵੇਚ ਕੇ ਪ੍ਰਾਪਤ ਨਕਦ ਰਾਸ਼ੀ ਵੰਡਣਾ ਬਹੁਤ ਸੌਖਾ ਹੋ ਗਿਆ ਹੈ। ਸੈਸ਼ਨ ਅਦਾਲਤ ਵਿਚ ਹੁਣ ਬਾਕੀ ਦੇ 5 ਲਾਕਰ ਧਾਰਕਾਂ ਅਤੇ ਕਾਨੂੰਨੀ ਵਾਰਸਾਂ ਨੂੰ ਵੀ ਪੇਸ਼ ਹੋਣਾ ਪਵੇਗਾ। ਇਨ੍ਹਾਂ ਵਿਚੋਂ ਇਕ ਲਾਕਰ ਧਾਰਕ ਉਹ ਵੀ ਹੈ ਜਿਸ ਦਾ ਲਾਕਰ ਖਾਲ੍ਹੀ ਹੋਣ ਕਾਰਨ ਉਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਸੀ ਅਤੇ ਇਸ ਲਈ ਉਹ ਕੋਈ ਕਲੇਮ ਪਹਿਲੇ ਦਿਨ ਤੋਂ ਹੀ ਨਹੀਂ ਕਰ ਰਹੇ।
ਮੀਡੀਏਟਰ ਗਹਿਣੇ ਵੇਚ ਕੇ ਕਰੇਗਾ ਨਕਦੀ ਦੀ ਵੰਡ
ਲਾਕਰ ਧਾਰਕਾਂ ਦੇ ਵਕੀਲ ਹਰੀਸ਼ ਭਾਰਦਵਾਜ ਨੇ ਦੱਸਿਆ ਕਿ ਲਾਕਰ ਧਾਰਕਾਂ ਦੀ ਹੀ ਸਹਿਮਤੀ ਨਾਲ ਮੀਡੀਏਟਰ ਦੀ ਨਿਯੁਕਤੀ ਕੀਤੀ ਜਾ ਰਹੀ ਹੈ। ਇਹ ਮੀਡੀਏਟਰ ਹੀ ਬਰਾਮਦ ਗਹਿਣਿਆਂ ਨੂੰ ਵੇਚ ਕੇ ਪ੍ਰਾਪਤ ਨਕਦੀ ਲਾਕਰ ਧਾਰਕਾਂ ਵਿਚ ਵੰਡੇਗਾ। ਸੈਸ਼ਨ ਅਦਾਲਤ ਦੀ ਭੂਮਿਕਾ ਮੀਡੀਏਟਰ ਦੀ ਨਿਯੁਕਤੀ ਤੱਕ ਦੀ ਹੋਵੇਗੀ ਅਤੇ ਬਾਕੀ ਦਾ ਕੰਮ ਹਾਈਕੋਰਟ ਦੀ ਦੇਖਰੇਖ ਵਿਚ ਹੋਵੇਗਾ।