ਕੈਲਗਰੀ— ਕੈਨੇਡਾ ਦੇ ਕੈਲਗਰੀ 'ਚ ਵਿੰਟਰ ਓਲੰਪਿਕ 2026 ਖੇਡਾਂ ਕਰਵਾਏ ਜਾਣ ਦੀਆਂ ਸੰਭਵਾਨਾਵਾਂ ਚੱਲ ਰਹੀਆਂ ਹਨ ਤੇ ਜੇਕਰ ਸ਼ਹਿਰ ਨੇ ਵਿੰਟਰ ਓਲੰਪਿਕ ਦੀ ਮੇਜ਼ਬਾਨੀ ਲਈ ਸਹਿਮਤੀ ਦੇ ਦਿੰਦਾ ਹੈ ਤਾਂ ਕੈਲਗਰੀ ਨੂੰ ਇਸ ਲਈ ਇੰਟਰਨੈਸ਼ਨਲ ਓਲੰਪਿਕ ਕਮੇਟੀ ਵਲੋਂ ਵੀ ਮਦਦ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ 2022 'ਚ ਵਿੰਟਰ ਓਲੰਪਿਕ ਚੀਨ ਦੇ ਬੀਜਿੰਗ 'ਚ ਹੋਣ ਵਾਲਾ ਹੈ।
ਇਕ ਪੱਤਰਕਾਰ ਏਜੰਸੀ ਨੂੰ ਦਿੱਤੇ ਇੰਟਰਵਿਊ 'ਚ ਆਈ.ਓ.ਸੀ. ਦੇ ਪ੍ਰਧਾਨ ਥਾਮਸ ਬਾਕ ਨੇ ਕਿਹਾ ਕਿ 1988 ਤੇ 2010 ਦੇ ਵਿੰਟਰ ਓਲੰਪਿਕ 'ਚ ਕੈਨੇਡਾ ਨੇ ਸ਼ਾਨਦਾਰ ਮੇਜ਼ਬਾਨੀ ਪੇਸ਼ ਕੀਤੀ ਸੀ। ਬਾਕ ਨੇ ਕਿਹਾ, ''ਮੇਰਾ ਖਿਆਲ ਹੈ ਕਿ ਕੈਨੇਡਾ ਇਕ ਮਹਾਨ ਮੇਜ਼ਬਾਨ ਹੋਵੇਗਾ ਤੇ ਕੈਨੇਡਾ ਇਹ ਸਾਬਿਤ ਵੀ ਕਰ ਚੁੱਕਾ ਹੈ।'' ਉਨ੍ਹਾਂ ਨੇ ਇਹ ਵੀ ਕਿਹਾ ਕਿ 2010 ਦੇ ਵੈਨਕੂਵਰ ਵਿੰਟਰ ਓਲੰਪਿਕ ਤੋਂ ਬਾਅਦ ਕੈਲਗਰੀ ਦੇ ਆਈ.ਓ.ਸੀ. ਸਬੰਧੀ ਸੁਧਾਰਾਂ ਨਾਲ ਇਹ ਸੰਭਾਵਨਾ ਹੋਰ ਵਧ ਗਈ ਹੈ। ਇਸੇ ਦੌਰਾਨ ਬਾਕ ਨੇ ਕੈਨੇਡਾ ਨੂੰ ਪਿਓਂਗਯਾਂਗ 'ਚ ਰਿਕਾਰਡ 29 ਮੈਡਲ ਹਾਸਲ ਕਰਨ 'ਤੇ ਵਧਾਈ ਵੀ ਦਿੱਤੀ।
ਆਈ.ਓ.ਸੀ. ਦੇ ਅਧਿਕਾਰੀਆਂ ਨੇ ਜਨਵਰੀ 'ਚ ਕੈਲਗਰੀ ਦਾ ਦੌਰਾ ਵੀ ਕੀਤਾ ਸੀ। ਇਸ ਦੌਰਾਨ ਅਨੁਮਾਨ ਲਗਾਇਆ ਗਿਆ ਸੀ ਕਿ ਖੇਡਾਂ ਦੀ ਮੇਜ਼ਬਾਨੀ ਕਰਨ 'ਚ ਕਰੀਬ 4.6 ਬਿਲੀਅਨ ਡਾਲਰ ਦਾ ਖਰਚਾ ਆਵੇਗਾ। ਕੈਲਗਰੀ ਦੇ ਮੇਅਰ ਨਾਹੀਦ ਨੇਨਸ਼ੀ ਨੇ ਕਿਹਾ ਕਿ ਸ਼ਹਿਰ ਜੂਨ 'ਚ ਇਸ ਸਬੰਧੀ ਫੈਸਲਾ ਲਵੇਗਾ ਕਿ ਇਸ ਬੋਲੀ ਪ੍ਰਕਿਰਿਆ 'ਚ ਅੱਗੇ ਵਧਿਆ ਜਾਵੇ ਜਾਂ ਨਾ। ਆਈ.ਓ.ਸੀ. ਕੋਲ ਕੈਲਗਰੀ ਦੀ ਬੋਲੀ ਦੀ ਪੁਸ਼ਟੀ ਕਰਨ ਦਾ ਆਖਰੀ ਫੈਸਲਾ ਹੋਵੇਗਾ।