ਸਤ ਧਰਮ ਤੇ ਚਲਣਾ , ਬਦੀ ਤੋ ਡਰਨਾ ਚਾਹੀਦਾ
ਸਵਰਗੀ ਬਲਦੇਵ ਕਰਿਸ਼ਨ ਸ਼ਰਮਾਂ ਦੀ ਕਲਮ ਚੋ

ਸਤ ਧਰਮ ਤੇ ਚਲਣਾ , ਬਦੀ ਤੋ ਡਰਨਾ ਚਾਹੀਦਾ ।
ਵੱਡਿਆਂ ਦਾ ਸਤਿਕਾਰ, ਸੱਜਣੋ ਕਰਨਾ ਚਾਹੀਦਾ॥

ਬਚਪਨ ਜੋਵਨ ਪਿਛੋ, ਜਦੋ ਬੁਢਾਪਾ ਆਉਦਾ ਹੈ,
ਅੰਗ ਸਭੀ ਕਮਜੋਰ ਹੋਣ,ਬੰਦਾ ਘਬਰਾਉਦਾ ਹੈ,
ਰੋਗ ਸੋਗ ਪਹਾੜ ਦੁੱਖਾਂ ਦਾ ਡੇਰਾ ਲਾਉਦਾ ਹੈ,
ਨਿਗਾ ਕਮਜੋਰ ਤੇ ਚੇਤਾ ਭੁਲੇ ਕੁੱਝ ਨਹੀ ਭਾਉਦਾ ਹੈ,
ਐਸੀ ਦਸ਼ਾ ਚ ਵੱਡਿਆਂ ਦਾ ਦੁੱਖ ਹਰਨਾ ਚਾਹੀਦਾ ਹੈ,
ਸ਼ਤ ਧਰਮ ਤੇ ਚਲਣਾ……………………

ਮਾਪੇ ਪਾਲਣ ਪੋਸਣ ਮਾਪੇ ਲਾਡ ਲੜਾਉਦੇ ਨੇ,
ਅੋਲਾਦ ਦੀ ਉਨਤੀ ਖਾਤਰ ਸੋ ਸੋ ਦੁੱਖ ਉਠਾਉਦੇ ਨੇ,
ਪੜਾਉਣਾ ਵਿਆਹੁਣਾ ਸਾਰੇ ਆਪਣੇ ਫਰਜ ਨਿਭਾਉਦੇ ਨੇ,
ਆਪ ਕਸ਼ਟ ਉਠਾਵਣ ਔਲਾਦ ਨੂੰ ਸੁਖੀ ਬਣਾਉਦੇ ਨੇ,
ਖਰਜ ਤੁਹਾਨੂੰ ਮਾਪਿਆਂ ਦਾ ਭੀ ਭਰਨਾ ਚਾਂਹੀਦਾ,
ਸ਼ਤ ਧਰਮ ਤੇ ਚਲਣਾ…………..

ਮਾਤ ਪਿਤਾ ਜਦ ਬੁੱਢੇ ਹੋਵਣ ਦੁਖੀ ਲਾਚਾਰੀ ਤੋ,
ਕਲਹਿ ਕਲੇਸ਼ ਗਰੀਬੀ ਤੇ ਨਿੱਤ ਨਵੀ ਬਿਮਾਰੀ ਤੋ,
ਚਲਣਾ ਫਿਰਨਾਂ ਮੁਸ਼ਕਲ ਹੁੰਦਾ ਦੁਖੜੇ ਭਾਰੀ ਤੋ,
ਔਲਾਦ ਤੋ ਤਦ ਉਹ ਸੇਵਾ ਮੰਗਦੇ ਸਭ ਹਿਤਕਾਰੀ ਤੋ,
ਸ਼ਰਵਨ ਪੁੱਤਰ ਬਣ ਭਵ ਸਾਗਰ ਤਰਨਾ ਚਾਹੀਦਾ,
ਸ਼ਤ ਧਰਮ ਤੇ ਚਲਣਾ………..

ਕਈ ਘਰਾਂ ਵਿੱਚ ਬੁੱਢੇ ਮਾਪੇ ਪਏ ਕੁਰਲਾਉਦੇ ਨੇ,
ਸੇਵਾ ਕੋਈ ਨਹੀ ਕਰਦਾ ਹਾਹਾਕਾਰ ਮਚਾਉਦੇ ਨੇ,
ਪੁੱਤ ਕਪੁੱਤ ਮਾਪਿਆ ਨੂੰ ਕੌੜੇ ਬੋਲ ਸੁਣਾਉਦੇ ਨੇ,
ਨਾ ਰੱਜ ਰੋਟੀ ਦੇਣ ਨਾ ਕੋਈ ਦਵਾ ਲਿਆਉਦੇ ਨੇ,
ਉਲਟੇ ਸੁੱਖਾਂ ਸੁੱਖਣ ਬੁੱਢਾ ਮਰਨਾ ਚਾਹੀਦਾ,
ਸਤ ਧਰਮ ਤੇ ਚਲਣਾ………

ਘਰ ਵਿੱਚ ਮਾਪੇ ਤੀਰਥ ਸਾਰੇ ਗਰੰਥ ਇਹ ਕਹਿੰਦੇ ਨੇ,
ਸਭ ਪਾਪ ਕਟ ਜਾਣ ਮਾਪੇ ਸੁੱਖੀ ਜੇ ਰਹਿੰਦੇ ਨੇ,
ਵੱਡਿਆਂ ਦੀ ਕਰ ਸੇਵਾ ਘਰ ਵਿੱਚ ਸੁਖੀ ਉਹ ਬਹਿੰਦੇ ਨੇ,
ਤੱਤੀ ਵਾ ਮਾਪਿਆਂ ਲੱਗੇ ਉਹ ਇਹ ਕਦ ਸਹਿੰਦੇ ਨੇ,
ਕਹੇ ‘ਪਰੇਮੀ’ ਸੀਸ ਚਰਣ ਤੇ ਧਰਨਾ ਚਾਹੀਦਾ,
ਸਤ ਧਰਮ ਤੇ ਚਲਣਾ ਬਦੀ ਤੋ ਡਰਨਾ ਚਾਹੀਦਾ………

ਲੇਖਕ : ਸਵਰਗੀ ਬਲਦੇਵ ਕਰਿਸ਼ਨ ਸ਼ਰਮਾਂ