ਠੇਕਾ ਬੰਦ ਕਰਵਾਉਣ ਲਈ ਐੱਸਡੀਐੱਮ ਦਫ਼ਤਰ ਅੱਗੇ ਧਰਨਾ
ਮੁਨਸ਼ੀਵਾਲਾ ਪਿੰਡ ਦੇ ਲੋਕਾਂ ਵੱਲੋਂ ਪ੍ਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜੀ

ਭਵਾਨੀਗੜ 15 ਮਈ (ਗੁਰਵਿੰਦਰ ਸਿੰਘ ) ਅਬਾਦੀ 'ਚ ਸ਼ਰਾਬ ਦਾ ਠੇਕਾ ਖੋਲ੍ਣ ਦੇ ਵਿਰੋਧ ਮੁਨਸ਼ੀਵਾਲਾ ਪਿੰਡ ਦੇ ਲੋਕਾਂ ਵੱਲੋਂ ਅੱਜ ਐੱਸਡੀਐੱਮ ਦਫ਼ਤਰ ਭਵਾਨੀਗੜ ਅੱਗੇ ਧਰਨਾ ਦਿੱਤਾ ਗਿਆ।ਲੋਕਾਂ ਨੇ ਸ਼ਰਾਬ ਦੇ ਠੇਕੇ ਨੂੰ ਸਥਾਈ ਰੂਪ ਵਿੱਚ ਬੰਦ ਕਰਵਾਉੰਣ ਦੀ ਮੰਗ ਕਰਦਿਆਂ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜੀ ਵੀ ਕੀਤੀ।ਇਸ ਮੌਕੇ ਨੌਜਵਾਨ ਭਾਰਤ ਸਭਾ ਪੰਜਾਬ ਦੇ ਆਗੂ ਪ੍ਰਗਟ ਸਿੰਘ ਕਾਲਾਝਾੜ ਨੇ ਕਿਹਾ ਕਿ ਠੇਕੇਦਾਰਾ ਵੱਲੋਂ ਪਿੰਡ ਮੁਨਸ਼ੀਵਾਲਾ ਵਿੱਚ ਸੰਘਣੀ ਆਬਾਦੀ ਕੋਲ ਰਾਤੋ ਰਾਤ ਜਮੀਨ ਠੇਕੇ 'ਤੇ ਲੈ ਕੇ ਸ਼ਰਾਬ ਦਾ ਠੇਕਾ ਖੋਲ ਦਿੱਤਾ। ਜਿਸ ਨੂੰ ਬੰਦ ਕਰਵਾਉਣ ਲਈ ਪਿੰਡ ਵਾਸੀਆਂ ਨੇ ਠੇਕੇ ਸਾਹਮਣੇ ਤਿੱਖਾ ਰੋਸ ਪ੍ਰਦਰਸ਼ਨ ਵੀ ਕੀਤਾ ਲੇਕਿਨ ਪ੍ਰਸ਼ਾਸਨ ਵੱਲੋਂ ਠੇਕਾ ਚੁਕਵਾਉੰਣ ਦੇ ਦਿੱਤੇ ਭਰੋਸੇ ਤੋਂ ਬਾਅਦ ਵੀ ਠੇਕਾ ਨਹੀਂ ਹਟਾਇਆ ਗਿਆ। ਕਾਲਾਝਾੜ ਨੇ ਕਿਹਾ ਕਿ ਸ਼ਰਾਬ ਦਾ ਠੇਕਾ ਸਕੂਲ ਦੇ ਨਜਦੀਕ ਹੋਣ ਕਾਰਣ ਪੜਨ ਵਾਲੇ ਵਿਦਿਆਰਥੀਆਂ 'ਤੇ ਮਾੜਾ ਪ੍ਰਭਾਵ ਪਵੇਗਾ ਤੇ ਪਿੰਡ ਦਾ ਮਾਹੌਲ ਵੀ ਖਰਾਬ ਹੋਵੇਗਾ।ਇਸ ਮੌਕੇ ਪਿੰਡ ਵਾਸੀਆਂ ਨੇ ਠੇਕਾ ਪੱਕੇ ਤੌਰ 'ਤੇ ਬੰਦ ਕਰਵਾਉੰਣ ਸਬੰਧੀ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਕਾਰ ਸਿੰਘ,ਸੁਖਦੀਪ ਸਿੰਘ,ਕੁਲਵੀਰ ਸਿੰਘ ,ਰੋਸ਼ਨ ਸਿੰਘ ,ਜਗਸੀਰ ਸਿੰਘ ,ਮਨਜੀਤ ਸਿੰਘ ਪੰਜਾਬ ਰੈਡੀਕਲ ਸਟੂਡੈਂਟ ਯੂਨੀਅਨ,ਚਰਨਜੀਤ ਕੌਰ,ਬਲਜੀਤ ਕੌਰ,ਸਿੰਦਰ ਕੌਰ, ਗਿੰਦਰ ਕੌਰ, ਦੀਪ ਸਿੰਘ, ਕੁਲਵੀਰ ਸਿੰਘ, ਦੇਵ ਰਾਜ ਸਿੰਘ, ਗੋਰਾ ਸਿੰਘ ਹਾਜਰ ਸਨ।
ਅੈਸਡੀਅੈਮ ਦਫ਼ਤਰ ਵਿਖੇ ਧਰਨਾ ਦਿੰਦੇ ਪਿੰਡ ਵਾਸੀ।