ਬੇਕਾਬੂ ਕੈੰਟਰ ਦਰਖਤ ਨਾਲ ਟਕਰਾਇਆ
-ਇੱਕ ਦੀ ਮੌਤ, 4 ਜਣੇ ਜ਼ਖਮੀ-

ਭਵਾਨੀਗੜ੍ਹ,22 ਮਈ (ਗੁਰਵਿੰਦਰ ਸਿੰਘ)- ਇੱਥੇ ਸਮਾਣਾ ਮੁੱਖ ਸੜਕ 'ਤੇ ਪਿੰਡ ਬਾਲਦ ਖੁਰਦ ਨੇੜੇ ਇੱਕ ਬੇਕਾਬੂ ਕੈੰਟਰ ਦਰੱਖਤ ਨਾਲ ਟਕਰਾ ਗਿਆ। ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 4 ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਾਦਸੇ ਸਬੰਧੀ ਪੱਥਰ ਦੀ ਢੋਅਾ ਢੁਆਈ ਦਾ ਕੰਮ ਕਰਦੇ ਕਾਲਾ ਪੁੱਤਰ ਬਲਦੇਵ ਸਿੰਘ ਵਾਸੀ ਗੂਹਲਾ (ਕੈਥਲ) ਨੇ ਦੱਸਿਆ ਕਿ ਉਹ ਬੀਤੀ ਸ਼ਾਮ ਮੇਜਰ ਸਿੰਘ, ਸੱਤਪਾਲ, ਮੇਵਾ ਸਿੰਘ ਅਤੇ ਅਵਤਾਰ ਸਿੰਘ ਸਾਰੇ ਵਾਸੀ ਗੂਹਲਾ ਸਮੇਤ ਕੈਂਟਰ ਵਿੱਚ ਪੱਥਰ ਲੋਡ ਕਰਕੇ ਸੰਗਰੂਰ ਆਏ ਸਨ, ਗੱਡੀ ਖ਼ਾਲੀ ਕਰਕੇ ਵਾਪਸ ਜਾਂਦੇ ਸਮੇਂ ਜਦੋਂ ਭਵਾਨੀਗੜ੍ਹ-ਸਮਾਣਾ ਰੋਡ 'ਤੇ ਪਿੰਡ ਬਾਲਦ ਖੁਰਦ ਨੇੜੇ ਪੁੱਜੇ ਤਾਂ ਉਨ੍ਹਾਂ ਦਾ ਕੈਂਟਰ ਅਚਾਨਕ ਬੇਕਾਬੂ ਹੋ ਕੇ ਸੜਕ ਕਿਨਾਰੇ ਦਰੱਖਤ ਵਿਚ ਟਕਰਾਅ ਕੇ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿੱਚ ਚਾਲਕ ਮੇਜਰ ਸਿੰਘ ਸਮੇਤ ਕੈਂਟਰ 'ਚ ਸਵਾਰ ਕਾਲਾ, ਸੱਤਪਾਲ, ਮੇਵਾ ਸਿੰਘ, ਅਵਤਾਰ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਭਵਾਨੀਗੜ੍ਹ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੋਂ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਸਾਰੇ ਜਖ਼ਮੀਆ ਨੂੰ ਪਟਿਆਲਾ ਲਈ ਰੈਫਰ ਕਰ ਦਿੱਤਾ। ਪਟਿਆਲਾ ਵਿਖੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਇਲਾਜ ਦੌਰਾਨ ਅਵਤਾਰ ਸਿੰਘ ਦੀ ਮੌਤ ਹੋ ਗਈ। ਹਾਦਸੇ ਨੂੰ ਲੈ ਕੇ ਪੁਲਸ ਵੱਲੋਂ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ। ਓਧਰ, ਹਾਦਸੇ 'ਚ ਜਖਮੀ ਹੋਏ ਬਾਕੀ ਵਿਅਕਤੀਆਂ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਭਵਾਨੀਗੜ-ਸਮਾਣਾ ਮੁੱਖ ਸੜਕ 'ਤੇ ਵਾਪਰੇ ਹਾਦਸੇ 'ਚ ਨੁਕਸਾਨਿਆ ਕੈਟਰ।