ਭਵਾਨੀਗੜ੍ਹ, 27 ਮਈ (ਗੁਰਵਿੰਦਰ ਸਿੰਘ)-ਪਿੰਡ ਹਰਦਿੱਤਪੁਰਾ ਵਿੱਚ ਅੱਜ ਦੁਪਹਿਰ ਖੇਤਾਂ ਵਿੱਚ ਪਈਆਂ ਸੈਂਕੜੇ ਪਰਾਲੀ ਦੀਆਂ ਗੱਠਾਂ ਅੱਗ ਦੀ ਭੇਟ ਚੜ੍ਹ ਗਈਆਂ। ਅੱਗ ਲੱਗਣ ਦੀ ਸੂਚਨਾ ਮਿਲਣ ਤੇ ਮੌਕੇ ਤੇ ਸੰਗਰੂਰ ਤੋਂ ਪਹੁੰਚੀ ਫਾਇਰ ਬ੍ਰਿਗੇਡ ਦੇ ਅਮਲੇ ਨੇ ਭਾਰੀ ਜੱਦੋ ਜਹਿਦ ਮਗਰੋਂ ਅੱਗ ਤੇ ਕਾਬੂ ਪਾਇਆ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਫਾਇਰਮੈਨ ਗੁਰਜੰਟ ਸਿੰਘ ਨੇ ਦੱਸਿਆ ਕਿ ਪਿੰਡ ਹਰਦਿੱਤਪੁਰਾ ਵਿੱਚ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਸੀ, ਇੱਥੇ ਪਹੁੰਚਣ 'ਤੇ ਦੇਖਿਆ ਕਿ ਜ਼ਮੀਨ ਵਿੱਚ ਪਈਆਂ ਪਰਾਲੀ ਦੀਆਂ ਬੰਨ੍ਹੀਆਂ ਸੈਂਕੜੇ ਪਰਾਲੀ ਦੀਆਂ ਗੱਠਾਂ ਅੱਗ ਨਾਲ ਧੂੰ-ਧੂੰ ਕੇ ਸੜ ਰਹੀਆਂ ਸਨ ਤੇ ਅੱਗ ਉੱਪਰ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੇ ਅਮਲੇ ਨੇ ਤੁਰੰਤ ਕਸਰਤ ਸ਼ੁਰੂ ਕਰ ਦਿੱਤੀ। ਮੌਕੇ ਤੇ ਹਾਜ਼ਰ ਲੋਕਾਂ ਅਨੁਸਾਰ ਉਕਤ ਪਰਾਲੀ ਦੀਆਂ ਗੱਠਾਂ ਕਿਸੇ ਨਿੱਜੀ ਕੰਪਨੀ ਨੇ ਇੱਥੇ ਕਿਸਾਨਾਂ ਦੀ ਜ਼ਮੀਨ ਕਿਰਾਏ ਤੇ ਲੈ ਕੇ ਰੱਖੀਆਂ ਹੋਈਆਂ ਹਨ ਜੋ ਅੱਜ ਨੇੜਲੇ ਖੇਤਾਂ ਵਿੱਚ ਕਿਸੇ ਵੱਲੋਂ ਨਾੜ ਸਾੜਨ ਲਈ ਲਾਈ ਗਈ ਅੱਗ ਹਵਾ ਦੇ ਬਾਵਰੋਲੇ ਨਾਲ ਅਚਾਨਕ ਇਨ੍ਹਾਂ ਗੱਠਾਂ ਤੇ ਆ ਡਿੱਗੀ ਜਿਸ ਨਾਲ ਅੱਗ ਦੇ ਭਾਂਬੜ ਮੱਚ ਗਏ ਤੇ ਦੇਖਦਿਆਂ ਹੀ ਦੇਖਦਿਆਂ ਇੱਥੇ ਪਈਆਂ ਸੈਂਕੜੇ ਪਰਾਲੀ ਦੀਆਂ ਗੱਠਾਂ ਸੜ ਕੇ ਸੁਆਹ ਹੋ ਗਈਆਂ। ਲੋਕਾਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਅਮਲੇ ਨੇ ਮੌਕੇ 'ਤੇ ਪਹੁੰਚ ਕੇ ਸਖ਼ਤ ਮਿਹਨਤ ਨਾਲ ਬਾਕੀ ਦੀਆਂ ਗੱਠਾਂ ਨੂੰ ਅੱਗ ਦੀ ਚਪੇਟ 'ਚ ਆਉਣ ਤੋਂ ਬਚਾਇਆ।ਲੋਕਾਂ ਦਾ ਕਹਿਣਾ ਸੀ ਕਿ ਜੇਕਰ ਫਾਇਰ ਬ੍ਰਿਗੇਡ ਸਮੇਂ ਸਿਰ ਮੌਕੇ 'ਤੇ ਨਾ ਪਹੁੰਚਦੀ ਤਾਂ ਅੱਗ ਨੇੜੇ ਦੇ ਸਥਿਤ ਘਰਾਂ ਵੱਲ ਵੱਧ ਕੇ ਕੋਈ ਵੱਡਾ ਨੁਕਸਾਨ ਕਰ ਸਕਦੀ ਸੀ।
ਪਿੰਡ ਹਰਦਿੱਤਪੁਰਾ 'ਚ ਪਰਾਲੀ ਦੀਆਂ ਗੱਠਾਂ ਨੂੰ ਲੱਗੀ ਅੱਗ ਦਾ ਦ੍ਰਿਸ਼ ।