ਵਿੱਤੀ ਸੰਕਟ ਨੂੰ ਲੈ ਕੇ ਕਾਂਗਰਸ ਤੇ ਭਾਜਪਾ ਦੇ ਕੌਂਸਲਰ ਆਪਸ 'ਚ ਭਿੜੇ
ਸਦਨ ਦੀ ਬੈਠਕ 'ਚ ਤਾਲਾ ਲੈ ਕੇ ਆਏ ਬਬਲਾ

ਚੰਡੀਗੜ੍ਹ (ਗੁਰਵਿੰਦਰ ਸਿੰਘ ਮੋਹਾਲੀ) ਨਗਰ ਨਿਗਮ ਦੀ ਸ਼ੁੱਕਰਵਾਰ ਨੂੰ ਹੋਈ ਬੈਠਕ 'ਚ ਜ਼ਬਰਦਸਤ ਹੰਗਾਮਾ ਹੋਇਆ। ਕਾਂਗਰਸ ਕੌਂਸਲਰ ਪਾਰਟੀ ਦੇ ਆਗੂ ਦਵਿੰਦਰ ਸਿੰਘ ਬਬਲਾ ਸਦਨ ਦੀ ਬੈਠਕ 'ਚ ਤਾਲਾ ਲਾ ਕੇ ਚਲੇ ਗਏ। ਉਨ੍ਹਾਂ ਮੇਅਰ ਨੂੰ ਤਾਲਾ ਦਿਖਾਉਂਦਿਆਂ ਕਿਹਾ ਕਿ ਜੇ ਨਗਰ ਨਿਗਮ ਇੰਜ ਚਲਾਉਣੀ ਹੈ ਤਾਂ ਨਗਰ ਨਿਗਮ ਨੂੰ ਤਾਲਾ ਲਗਾ ਦੇਣਾ ਚਾਹੀਦਾ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਮੇਂ ਪਾਣੀ ਲਈ ਲੋਕ ਤਰਸ ਰਹੇ ਹਨ। ਠੇਕੇਦਾਰਾਂ ਨੂੰ ਬਜਟ ਨਾ ਹੋਣ ਕਾਰਨ ਭੁਗਤਾਨ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਕੰਮ ਲਟਕੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਅੱਧੇ ਠੇਕੇਦਾਰ ਕੰਮ ਵਿਚਕਾਰ ਛੱਡ ਕੇ ਜਾ ਰਹੇ ਹਨ ਜਿਸ ਦਾ ਜਵਾਬ ਕਿਸੇ ਅਧਿਕਾਰੀ ਕੋਲ ਨਹੀਂ ਹੈ। ਕੁੱਤਿਆਂ ਵੱਲੋਂ ਵੱਢਣ ਦੇ ਕੇਸ ਵੱਧ ਰਹੇ :- ਉਨ੍ਹਾਂ ਕਿਹਾ ਕਿ ਕੁੱਤਿਆਂ ਵੱਲੋਂ ਵੱਢਣ ਦੇ ਕੇਸ ਵੀ ਲਗਾਤਾਰ ਵਧ ਰਹੇ ਹਨ ਤੇ ਉਨ੍ਹਾਂ ਦੇ ਇਲਾਜ ਲਈ ਨਗਰ ਨਿਗਮ ਵੱਲੋਂ ਕੋਈ ਦਵਾਈ ਤਕ ਨਹੀਂ ਦਿੱਤੀ ਜਾ ਰਹੀ। ਹੈ। ਨਗਰ ਨਿਗਮ ਨੂੰ ਤਾਲਾ ਲਗਾ ਦੇਣਾ ਚਾਹੀਦਾ। ਇਸ ਤੋਂ ਪਹਿਲਾਂ ਸਾਬਕਾ ਮੇਅਰ ਆਸ਼ਾ ਜਸਵਾਲ ਤੇ ਸਾਬਕਾ ਮੇਅਰ ਰਾਜਬਾਲਾ ਮਲਿਕ ਆਪਸ 'ਚ ਲੜ ਪਏ। ਵਿੱਤੀ ਸੰਕਟ ਨੂੰ ਲੈ ਕੇ ਕਾਂਗਰਸ ਤੇ ਭਾਜਪਾ ਦੇ ਕੌਂਸਲਰਾਂ ਨੇ ਇਕ-ਦੂਜੇ 'ਤੇ ਦੋਸ਼ ਲਗਾਏ। ਭਾਜਪਾ ਕੌਸਲਰਾਂ ਦਾ ਕਹਿਣਾ ਹੈ ਕਿ ਕਾਂਗਰਸ ਦੇ ਕਾਰਜਕਾਲ 'ਚ ਹੀ ਨਗਰ ਨਿਗਮ ਦੀ ਜਮ੍ਹਾਂ ਪੂੰਜੀ ਐੱਫਡੀ ਨੂੰ ਤੋੜਿਆ ਗਿਆ ਸੀ। ਭਾਜਪਾ ਕੌਂਸਲਰ ਭਰਤ ਕੁਮਾਰ ਨੇ ਕਿਹਾ ਕਿ ਠੇਕੇ 'ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਤਿੰਨ-ਤਿੰਨ ਮਹੀਨੇ ਦੀ ਤਨਖ਼ਾਹ ਨਹੀਂ ਮਿਲੀ ਹੈ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਰਿਕਾਰਡ ਦੇ ਹਿਸਾਬ ਨਾਲ ਕਿਸੇ ਵੀ ਠੇਕੇਦਾਰ ਦਾ ਭੁਗਤਾਨ ਨਹੀਂ ਰੋਕਿਆ ਗਿਆ ਹੈ। ਇਸ 'ਤੇ ਭਾਜਪਾ ਕੌਂਸਲਰ ਭਰਤ ਕੁਮਾਰ ਨੇ ਗੁੱਸਾ ਜ਼ਾਹਿਰ ਕਰਦਿਆਂ ਕਿਹਾ, 'ਰਿਕਾਰਡ ਭਾੜ 'ਚ ਜਾਵੇ' ਉਨ੍ਹਾਂ ਨੂੰ ਨਹੀਂ ਪਤਾ। ਇਸ 'ਤੇ ਮੇਅਰ ਰਾਜੇਸ਼ ਕਾਲੀਆ ਨੇ ਭਰਤ ਕੁਮਾਰ ਨੂੰ ਸਦਨ ਦੀ ਮਰਿਆਦਾ ਦਾ ਖਿਆਲ ਰੱਖਦੇ ਹੋਏ ਗੱਲ ਕਰਨ ਦੀ ਨਸੀਹਤ ਦਿੱਤੀ।