ਪੰਜਾਬ ਇਕਾਈ ਦੀ ਹਾਰ ਤੇ ਆਪ ਵਲੋਂ ਦਿੱਲੀ ਚ ਵਿਚਾਰ ਚਰਚਾ
ਆਮ ਆਦਮੀ ਪਾਰਟੀ 'ਤੇ ਵੱਡਾ ਸੰਕਟ, ਕੇਜਰੀਵਾਲ ਨੇ ਦਿੱਲੀ ਬੁਲਾਏ ਵਿਧਾਇਕ

ਚੰਡੀਗੜ੍ਹ (ਗੁਰਵਿੰਦਰ ਸਿੰਘ ਮੋਹਾਲੀ) ਲੋਕ ਸਭਾ ਚੋਣਾਂ ਵਿੱਚ ਪੰਜਾਬ ਇਕਾਈ ਦੀ ਹਾਰ ਬਾਰੇ ਆਮ ਆਦਮੀ ਪਾਰਟੀ ਅੱਜ ਦਿੱਲੀ ਵਿੱਚ ਵਿਚਾਰਾਂ ਕਰ ਰਹੀ ਹੈ। ਪੰਜਾਬ ਦੇ ਵਿਧਾਇਕ ਹਾਰ ਦੀ ਸਮੀਖਿਆ ਕਰਨ ਲਈ ਦਿੱਲੀ ਪਹੁੰਚੇ ਹਨ। ਇਸ ਮੀਟਿੰਗ ਵਿੱਚ 'ਆਪ' ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਪੰਜਾਬ ਦੇ ਪ੍ਧਾਨ ਭਗਵੰਤ ਮਾਨ ਤੇ ਪੰਜਾਬ ਇਕਾਈ ਦੇ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਹਾਜ਼ਰ ਹਨ। ਆਮ ਆਦਮੀ ਪਾਰਟੀ ਨੇ ਬੇਸ਼ੱਕ ਦਿੱਲੀ ਵਿੱਚ ਵੀ ਕੋਈ ਸੀਟ ਨਹੀਂ ਜਿੱਤੀ ਪਰ ਪੰਜਾਬ ਵਿੱਚ ਤਾਂ ਵੋਟ ਬੈਂਕ ਵੀ 36 ਲੱਖ ਤੋਂ ਘਟ ਕੇ 10 ਲੱਖ ਰਹਿ ਗਿਆ ਹੈ। ਇਸ ਲਈ ਆਮ ਆਦਮੀ ਪਾਰਟੀ ਲਈ ਪੰਜਾਬ ਵਿੱਚ ਖਤਰੇ ਦੀ ਘੰਟੀ ਹੈ। ਪੰਜਾਬ ਵਿੱਚੋਂ ਸਿਰਫ਼ ਪਾਰਟੀ ਦੇ ਪ੍ਧਾਨ ਭਗਵੰਤ ਮਾਨ ਹੀ ਮੁੜ ਸੰਗਰੂਰ ਤੋਂ ਜੇਤੂ ਰਹੇ ਹਨ ਜਦਕਿ ਬਾਕੀ 12 ਵਿਧਾਇਕਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹਨ। ਪਾਰਟੀ ਨੂੰ ਹੁਣ ਦਿੱਲੀ ਤੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦਾ ਫਿਕਰ ਹੈ। ਆਮ ਆਦਮੀ ਪਾਰਟੀ ਲਈ ਪੰਜਾਬ ਵਿੱਚ ਸਭ ਤੋਂ ਵੱਡਾ ਸੰਕਟ ਖਾਨਾਜੰਗੀ ਦਾ ਹੈ। ਵਿਧਾਨ ਸਭਾ ਵਿੱਚ ਪਾਰਟੀ ਦੇ ਕੁੱਲ 20 ਵਿਧਾਇਕ ਜਿੱਤੇ ਸੀ। ਹੁਣ ਮਹਿਜ਼ 11 ਵਿਧਾਇਕ ਪਾਰਟੀ ਦੇ ਨਾਲ ਹਨ। ਬਾਕੀ 9 ਵਿਧਾਇਕ ਪਾਰਟੀ ਤੋਂ ਕਿਸੇ ਨਾ ਕਿਸੇ ਰੂਪ ਵਿੱਚ ਦੂਰ ਜਾ ਚੁੱਕੇ ਹਨ। ‘ਆਪ’ ਦੇ ਦੋ ਵਿਧਾਇਕ ਰੋਪੜ ਤੋਂ ਅਮਰਜੀਤ ਸਿੰਘ ਸੰਦੋਆ ਤੇ ਮਾਨਸਾ ਤੋਂ ਨਾਜ਼ਰ ਸਿੰਘ ਮਾਨਸ਼ਾਹੀਆ ਚੋਣਾਂ ਦੌਰਾਨ ਹੀ ਕਾਂਗਰਸ ਵਿੱਚ ਚਲੇ ਗਏ ਸੀ। ਪਾਰਟੀ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਤੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ‘ਆਪ’ ਤੋਂ ਅਸਤੀਫ਼ਾ ਦੇ ਚੁੱਕੇ ਹਨ। ਚਾਰ ਵਿਧਾਇਕ ਕੰਵਰ ਸੰਧੂ, ਪਿਰਮਲ ਸਿੰਘ ਖਾਲਸਾ, ਜਗਤਾਰ ਸਿੰਘ ਜੱਗਾ ਤੇ ਜਗਦੇਵ ਸਿੰਘ ਕਮਾਲੂ ਪਹਿਲਾਂ ਹੀ ਪਾਰਟੀ ਤੋਂ ਬਾਗ਼ੀ ਚੱਲ ਰਹੇ ਹਨ। ਪਾਰਟੀ ਦੇ ਦਾਖਾ ਤੋਂ ਵਿਧਾਇਕ ਐਚਐਸ ਫੂਲਕਾ ‘ਆਪ’ ਦੇ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਆਪਣੇ ਵੱਖਰੇ ਰਾਹ ਪੈ ਚੁੱਕੇ ਹਨ। ਇਸ ਵੇਲੇ ਪਾਰਟੀ ਦੇ ਕੁੱਲ 20 ਵਿਧਾਇਕਾਂ ਵਿੱਚੋਂ 55 ਫ਼ੀਸਦ ਹੀ ਪਾਰਟੀ ਨਾਲ ਹਨ ਤੇ ਜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ‘ਆਪ’ ਦੇ ਕੁਝ ਵਿਧਾਇਕਾਂ ਦੇ ਅਸਤੀਫ਼ੇ ਪ੍ਰਵਾਨ ਕਰ ਲਏ ਤਾਂ ‘ਆਪ’ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਕੋਲੋਂ ਵਿਰੋਧੀ ਧਿਰ ਦੇ ਆਗੂ ਦੀ ਕੁਰਸੀ ਵੀ ਖੁੱਸ ਸਕਦੀ ਹੈ।