ਘੜੂੰਆਂ ਪੁਲਿਸ ਵਲੋਂ 17 ਪੇਟੀਆਂ ਨਜ਼ਾਇਜ਼ ਸ਼ਰਾਬ ਸਮੇਤ ਔਰਤ ਕਾਬੂ
ਨਸ਼ੇ ਦੇ ਮੁਕੰਮਲ ਖਾਤਮੇ ਲਈ ਲੋਕਾਂ ਦਾ ਸਹਿਯੋਗ ਜਰੂਰੀ:-ਅਮਨਪ੍ਰੀਤ ਬਰਾੜ

ਐਸ ਏ ਐਸ ਨਗਰ (ਗੁਰਵਿੰਦਰ ਸਿੰਘ ਮੋਹਾਲੀ) ਪੰਜਾਬ ਪੁਲਿਸ ਲੋਕਾਂ ਦੇ ਸਹਿਯੋਗ ਨਾਲ ਜੇ ਪੰਜਾਬ ਵਿਚੋਂ ਅੱਤਵਾਦ ਦਾ ਸਫਾਇਆ ਕਰ ਸਕਦੀ ਹੈ ਤਾਂ ਪੰਜਾਬ ਵਿਚੋਂ ਪੰਜਾਬ ਪੁਲਿਸ ਆਮ ਲੋਕਾਂ ਦੇ ਸਹਿਯੋਗ ਨਾਲ ਨਸ਼ਾ ਵੀ ਪੂਰੀ ਤਰਾਂ ਖਤਮ ਕਰ ਸਕਦੀ ਹੈ, ਇਸ ਲਈ ਆਮ ਲੋਕਾਂ ਨੂੰ ਪੰਜਾਬ ਪੁਲਿਸ ਨੂੰ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ- ਇਹਨਾ ਵਿਚਾਰਾਂ ਦਾ ਪ੍ਗਟਾਵਾ ਥਾਣਾ ਘੜੂੰਆਂ ਦੀ ਐਸ ਐਚ ਓ ਅਮਨਪ੍ਰੀਤ ਬਰਾੜ ਨੇ ਇਸ ਪੱਤਰਕਾਰ ਨਾਲ ਵਿਸ਼ੇਸ਼ ਗਲਬਾਤ ਕਰਦਿਆਂ ਕੀਤਾ। ਅਮਨਪ੍ਰੀਤ ਬਰਾੜ ਨੇ ਦਸਿਆ ਕਿ ਉਹਨਾਂ ਦੀ ਅਗਵਾਈ ਵਿਚ ਨਸ਼ੇ ਦੇ ਖਾਤਮੇ ਲਈ ਚਲਾਈ ਗਈ ਮੁਹਿੰਮ ਦੌਰਾਨ ਘੜੂੰਆਂ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਘੜੂੰਆਂ ਪੁਲਿਸ ਵਲੋਂ ਉਹਨਾਂ ਦੀ ਅਗਵਾਈ ਵਿੱਚ ਬੱਸ ਅੱਡਾ ਘੜੂੰਆਂ ਵਿਖੇ ਕੀਤੀ ਗਈ ਨਾਕੇਬੰਦੀ ਦੌਰਾਨ ਇਕ ਕਾਰ ਵਿਚੋਂ 17 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕਰਕੇ ਕਾਰ ਚਾਲਕ ਮਹਿਲਾ ਨੂੰ ਵੀ ਗ੍ਰਿਫਤਾਰ ਕਰ ਲਿਆ। ਬਰਾੜ ਨੇ ਦਸਿਆ ਕਿ ਉਹਨਾਂ ਦੀ ਅਗਵਾਈ ਵਿੱਚ ਏ ਐਸ ਆਈ ਚਰਨਜੀਤ ਸਿੰਘ ਵਲੋਂ ਘੜੂੰਆਂ ਪਿੰਡ ਦੇ ਬੱਸ ਅੱਡੇ ਨੇੜੇ ਨਾਕਾਬੰਦੀ ਕੀਤੀ ਗਈ ਸੀ, ਜਿਸ ਦੌਰਾਨ ਇਕ ਹੁੰਡਈ ਕਰੇਟਾ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਵਿਚੋਂ 17 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਹੋਈ, ਇਹ ਸ਼ਰਾਬ 14 ਪੇਟੀਆਂ ਬੀਅਰ ਅਤੇ 3 ਪੇਟੀਆਂ ਸ਼ਰਾਬ ਦੇ ਰੂਪ ਵਿਚ ਸੀ। ਇਸ ਕਾਰ ਨੂੰ ਇਕ ਮਹਿਲਾ ਚਲਾ ਰਹੀ ਸੀ । ਇਸ ਮਹਿਲਾ ਖਿਲਾਫ ਪੁਲਿਸ ਨੇ ਐਕਸਾਈਜ ਐਕਟ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ। ਐਸ ਐਚ ਓ ਅਮਨਪ੍ਰੀਤ ਬਰਾੜ ਨੇ ਦਸਿਆ ਕਿ ਉਹਨਾਂ ਨੇ ਕੁਝ ਸਮਾਂ ਪਹਿਲਾਂ ਨਸ਼ੇ ਦੀ ਖਾਤਮੇ ਲਈ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਦੇ ਚੰਗੇ ਨਤੀਜੇ ਨਿਕਲ ਰਹੇ ਹਨ। ਉਹਨਾਂ ਕਿਹਾ ਕਿ ਇਲਾਕੇ ਵਿਚੋਂ ਨਸ਼ੇ ਦੇ ਮੁਕੰਮਲ ਖਾਤਮੇ ਲਈ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ, ਇਸ ਲਈ ਆਮ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਨਸ਼ਾ ਤਸਕਰਾਂ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦੇਣ, ਪੁਲਿਸ ਵਲੋਂ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰਖਿਆ ਜਾਵੇਗਾ। ਉਹਨਾਂ ਕਿਹਾ ਕਿ ਉਹਨਾ ਨੇ ਘੜੂੰਆਂ ਵਿਖੇ ਅਹੁਦਾ ਸੰਭਾਲਦਿਆਂ ਕਿਹਾ ਸੀ ਕਿ ਉਹ ਇਲਾਕੇ ਵਿਚ ਨਸ਼ੇ ਦੇ ਖਾਤਮੇ ਲਈ ਪੂਰੇ ਯਤਨ ਕਰਨਗੇ। ਉਹਨਾਂ ਨੇ ਜੋ ਕਿਹਾ ਸੀ, ਉਹ ਕਰ ਕੇ ਵਿਖਾ ਦਿਤਾ ਹੈ। ਉਹਨਾਂ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਉਪਰ ਬਖਸਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਉਹ 2015 ਬੈਚ ਦੀ ਭਰਤੀ ਹੈ ਅਤੇ ਉਨਾਂ ਨੇ ਇੰਨਫਰਮੇਸ਼ਨ ਟੈਕਨਾਲੋਜੀ ਵਿਚ ਐਮ ਟੈਕ ਕੀਤੀ ਹੋਈ ਹੈ। ਉਹਨਾਂ ਦੀ ਪਹਿਲੀ ਪੋਸਟਿੰਗ ਨਵਾਂ ਗਰਾਂਓ ਥਾਣੇ ਵਿੱਚ ਬਤੌਰ ਟਰੇਨੀ ਮੁਨਸ਼ੀ ਹੋਈ ਸੀ ਅਤੇ ਦੁਜੀ ਪੋਸਟਿੰਗ 2016 ਵਿਚ ਡੇਰਾਬਸੀ ਥਾਣੇ ਵਿਚ ਹੋਈ ਸੀ, ਉਸ ਤੋਂ ਬਾਅਦ ਉਹਨਾਂ ਦੀ ਪੋਸਟਿੰਗ ਨਾਹਰ ਪੁਲਿਸ ਚੌਂਕੀ ਲੈਹਲੀ ਵਿਖੇ ਬਤੌਰ ਇੰਚਾਰਜ ਹੋਈ। ਇਸ ਸਮੇਂ ਉਹ ਥਾਣਾ ਘੰੜੂੰਆਂ ਦੇ ਮੁਖੀ ਵਜੋਂ ਸੇਵਾ ਨਿਭਾਅ ਰਹੇ ਹਨ।
ਉਹਨਾਂ ਕਿਹਾ ਕਿ ਉਹ ਪੂਰੀ ਇਮਾਨਦਾਰੀ ਨਾਲ ਆਪਣੀ ਡਿਊਟੀ ਕਰ ਰਹੇ ਹਨ ਅਤੇ ਇਲਾਕੇ ਦੇ ਲੋਕਾਂ ਤੋਂ ਉਹਨਾਂ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਪੰਜਾਬ ਵਿਚੋਂ ਨਸ਼ੇ ਦੇ ਖਾਤਮੇ ਲਈ ਪੁਰੀ ਤਰਾਂ ਦ੍ਰਿੜ ਹੈ, ਇਸ ਮੁਹਿੰਮ ਦੀ ਸਫਲਤਾ ਲਈ ਆਮ ਲੋਕਾਂ ਨੂੰ ਪੁਲਿਸ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਅਮਨਪ੍ਰੀਤ ਕੌਰ ਬਰਾੜ ਨੇ ਕਿਹਾ ਕਿ ਪੁਲਿਸ ਆਮ ਲੋਕਾਂ ਦੀ ਸੁਰਖਿਆ ਲਈ ਪੂਰੀ ਤਰਾਂ ਮੁਸਤੈਦ ਹੈ ਅਤੇ ਨਸ਼ੇ ਦੇ ਵਪਾਰ ਨਾਲ ਕਿਸੇ ਤਰਾਂ ਦਾ ਸਬੰਧ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਕਾਬੂ ਕੀਤੀ ਮਹਿਲਾ ਨਾਲ ਐਸ ਐਚ ਓ ਘੜੂੰਆਂ ਤੇ ਪੁਲਿਸ ਮੁਲਾਜਮ .