ਭਵਾਨੀਗੜ 18 ਜੂਨ (ਗੁਰਵਿੰਦਰ ਸਿੰਘ)- ਐੱਸ ਯੂ ਐੱਸ ਆਦਰਸ਼ ਸਕੂਲ ਬਾਲਦ ਖੁਰਦ ਦੀ ਮੈਨੇਜਮੈਂਟ ਵੱਲੋਂ ਅਧਿਆਪਕਾਂ ਨਾਲ ਕੀਤੀ ਜਾ ਰਹੀਆਂ ਮਨਮਾਨੀਆਂ ਦੇ ਖਿਲਾਫ ਅੱਜ ਸਕੂਲ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਇੱਥੇ ਅੈਸਡੀਅੈਮ ਦਫ਼ਤਰ ਵਿਖੇ ਸੰਕੇਤਕ ਧਰਨਾ ਦੇ ਕੇ ਪ੍ਦਰਸ਼ਨ ਕੀਤਾ ਗਿਆ।ਇਸ ਮੌਕੇ ਅਧਿਆਪਕ ਆਗੂਆਂ ਨੇ ਕਿਹਾ ਕਿ ਸਕੂਲ ਦੀ ਮੈਨੇਜਮੈਂਟ ਕੰਪਨੀ ਦੀਆਂ ਅਾਪ ਹੁਦਰੀਆਂ ਕਾਰਨ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਹੋ ਰਹੇ ਸ਼ੋਸ਼ਣ ਦੇ ਖਿਲਾਫ ਪਿਛਲੇ ਦਿਨੀਂ ਮਰਨ ਵਰਤ ਸ਼ੁਰੂ ਕੀਤਾ ਗਿਆ ਸੀ ਜਿਸ ਸਬੰਧੀ ਪ੍ਸ਼ਾਸਨ ਵੱਲੋਂ ਐਸਡੀਐਮ ਭਵਾਨੀਗੜ ਨੇ ਲਿਖਤੀ ਭਰੋਸਾ ਦਿੱਤਾ ਸੀ ਕਿ ਸਬੰਧਤ ਕੰਪਨੀ ਦੇ ਸਕੂਲ ਪ੍ਰਬੰਧਾਂ ਦੀ ਨਿਰਪੱਖ ਜਾਂਚ ਕਰਵਾਈ ਜਾਵੇਗੀ ਅਤੇ ਜਾਂਚ ਦੇ ਦੌਰਾਨ ਸਬੰਧਤ ਮੈਨੇਜਮੈਂਟ ਆਪਣੇ ਪੱਧਰ 'ਤੇ ਸਕੂਲ ਪ੍ਰਤੀ ਕੋਈ ਵੀ ਫ਼ੈਸਲਾ ਨਹੀਂ ਕਰੇਗੀ ਤੇ ਨਾਲ ਹੀ ਇਹ ਭਰੋਸਾ ਦਿਵਾਇਆ ਗਿਆ ਸੀ ਕਿ ਅਧਿਆਪਕਾਂ ਦੀਆਂ ਰਹਿੰਦੀਆਂ ਤਨਖ਼ਾਹਾਂ ਨੂੰ ਜਲਦ ਹੀ ਰਿਲੀਜ਼ ਕਰਵਾ ਦਿੱਤੀਆਂ ਜਾਣਗੀਆਂ। ਇਸ ਮੌਕੇ ਅਧਿਆਪਕ ਅਾਗੂਆਂ ਨੇ ਦੱਸਿਆ ਕਿ ਪ੍ਸ਼ਾਸਨ ਦੇ ਭਰੋਸੇ ਤੋਂ ਬਾਅਦ ਇੱਕ ਮਹੀਨਾ ਬੀਤ ਜਾਣ 'ਤੇ ਵੀ ਅਧਿਆਪਕਾਂ ਦੀਆਂ ਤਨਖਾਹਾਂ ਜਾਰੀ ਨਹੀਂ ਹੋ ਸਕੀਆਂ। ਜਿਸ ਦੇ ਰੋਸ ਵੱਜੋਂ ਅੱਜ ਅਧਿਆਪਕਾਂ ਤੇ ਬੱਚਿਆਂ ਦੇ ਮਾਪਿਆਂ ਵੱਲੋ ਇੱਹ ਸੰਕੇਤਕ ਧਰਨਾ ਦੇ ਕੇ ਰੋਸ ਜਤਾਇਆ ਗਿਆ ਤੇ ਨਾਲ ਹੀ ਫੈਸਲਾ ਕੀਤਾ ਗਿਆ ਕਿ ਜੇਕਰ 23 ਜੂਨ ਤੱਕ ਉਨ੍ਹਾਂ ਦੀਆਂ ਮੰਗਾਂ ਮੰਨਣ ਦੇ ਨਾਲ ਨਾਲ ਪ੍ਰਸ਼ਾਸਨ ਵੱਲੋ ਸਕੂਲ ਮੈਨੇਜਮੈਂਟ ਦੇ ਵਿਰੁੱਧ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ 24 ਜੂਨ ਤੋਂ ਤਿੱਖੇ ਸੰਘਰਸ਼ ਦੀ ਸ਼ੁਰੂਆਤ ਕਰਦਿਆਂ ਅਧਿਆਪਕ ਤੇ ਮਾਪੇ ਐਸਡੀਐਮ ਭਵਾਨੀਗੜ੍ਹ ਦਫ਼ਤਰ ਦਾ ਅਣਮਿੱਥੇ ਸਮੇਂ ਲਈ ਘਿਰਾਓ ਕਰਨਗੇ ਜਿਸ ਦੀ ਜੁੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।ਇਸ ਮੌਕੇ ਹਰਭਜਨ ਹੈਪੀ,ਸਰਬਜੀਤ ਸਿੰਘ, ਰਾਜਨ ਸ਼ਰਮਾ, ਮਨਪ੍ਰੀਤ ਸਿੰਘ, ਬਰਿੰਦਰਜੀਤ ਸਿੰਘ, ਸਲੀਮ ਮੁਹੰਮਦ, ਰਛਪਾਲ ਸਿੰਘ, ਮਾਲਵਿੰਦਰ ਸਿੰਘ, ਰਮਨਦੀਪ ਸਿੰਘ, ਵਿਕਰਮ ਸਿੰਘ,ਮੀਨਾ ਰਾਣੀ ਤੇ ਸਤਵਿੰਦਰ ਕੌਰ ਹਾਜ਼ਰ ਸਨ।
ਅੈਸਡੀਅੈਮ ਦਫ਼ਤਰ ਭਵਾਨੀਗੜ ਵਿਖੇ ਧਰਨਾ ਦਿੰਦੇ ਅਧਿਆਪਕ ।