ਭਵਾਨੀਗੜ੍ਹ/ਸੰਗਰੂਰ, 21 ਜੂਨ:{ਬਿਊਰੋ ਮਾਲਵਾ ਡੈਲੀ ਨਿਊਜ਼}ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸ.ਡੀ.ਐਮ ਸ਼੍ਰੀ ਅੰਕੁਰ ਮਹਿੰਦਰੂ ਨੇ ਸਰਕਾਰੀ ਗਊਸ਼ਾਲਾ ਝਨੇੜੀ ਦਾ ਦੌਰਾ ਕੀਤਾ ਅਤੇ ਪਸ਼ੂ ਧੰਨ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸੁਵਿਧਾਵਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨਿਆਂ ਦੌਰਾਨ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸੰਗਰੂਰ 'ਚੋਂ ਜਿਹੜੇ ਬੇਸਹਾਰਾ ਪਸ਼ੂ ਧੰਨ ਨੂੰ ਇਸ ਗਊਸ਼ਾਲਾ ਵਿਖੇ ਤਬਦੀਲ ਕੀਤਾ ਗਿਆ ਸੀ ਉਨ੍ਹਾਂ ਨੂੰ ਇਥੇ ਲੋੜ ਮੁਤਾਬਕ ਵਧੀਆ ਚਾਰੇ, ਪੀਣ ਨੂੰ ਸਾਫ਼ ਪਾਣੀ, ਛਾਂਦਾਰ ਸ਼ੈਡ ਆਦਿ ਮੁਹੱਈਆ ਕਰਵਾਏ ਜਾ ਰਹੇ ਹਨ। ਐਸ.ਡੀ.ਐਮ ਨੇ ਗਊਸ਼ਾਲਾ ਦਾ ਦੌਰਾ ਕਰਨ ਤੋਂ ਬਾਅਦ ਪ੍ਰਬੰਧਾਂ 'ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ । ਉਨ੍ਹਾਂ ਇਹ ਵੀ ਦੱਸਿਆ ਕਿ ਇਸ ਗਊਸ਼ਾਲਾ ਵਿਖੇ ਪਸ਼ੂ ਧੰਨ ਦੀ ਲੋੜ ਮੁਤਾਬਕ ਅਗਲੇ ਕਰੀਬ 9 ਮਹੀਨਿਆਂ ਤੱਕ ਦੇ ਚਾਰੇ, ਤੂੜੀ ਆਦਿ ਦੀ ਵਿਵਸਥਾ ਹੈ ਜੋ ਕਿ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀਆਂ ਦੇ ਉਦਮ ਨਾਲ ਪਿੰਡ ਵਾਸੀਆਂ ਸਮੇਤ ਵੱਖ-ਵੱਖ ਸਮਾਜ ਸੇਵੀ ਸੰਗਠਨਾਂ ਅਤੇ ਦਾਨੀਆਂ ਵੱਲੋਂ ਕੀਤੇ ਗਏ ਦਾਨ ਸਦਕਾ ਹੀ ਸੰਭਵ ਹੋ ਸਕਿਆ ਹੈ। ਐਸ.ਡੀ.ਐਮ ਨੇ ਕਿਹਾ ਕਿ ਬੇਸਹਾਰਾ ਪਸ਼ੂਆਂ ਲਈ ਇਹ ਆਸਰਾ ਉਤਮ ਸਥਾਨ ਸਾਬਤ ਹੋ ਰਿਹਾ ਹੈ ਅਤੇ ਦਾਨੀਆਂ ਨੂੰ ਸਮੇਂ-ਸਮੇਂ 'ਤੇ ਇਸ ਗਊਸ਼ਾਲਾ ਲਈ ਦਾਨ ਸਮੇਤ ਹੋਰ ਸਹਿਯੋਗ ਦਿੰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਇਸ ਗਊਸ਼ਾਲਾ ਵਿੱਚ 370 ਤੋਂ ਵੱਧ ਪਸ਼ੂ ਧੰਨ ਹੈ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਥੋਰੀ ਦੀ ਅਗਵਾਈ ਹੇਠ ਇਸ ਦਾ ਹੋਰ ਵਿਸਥਾਰ ਕਰਨ ਬਾਰੇ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਜਿਸ ਨੂੰ ਅਮਲੀ ਜਾਮਾ ਪਹਿਨਾਉਣ ਦੀ ਪ੍ਰਕਿਰਿਆ ਛੇਤੀ ਹੀ ਸ਼ੁਰੂ ਹੋ ਜਾਵੇਗੀ।
ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਪਰਵੇਸ਼ ਗੋਇਲ ਅਤੇ ਨਾਇਬ ਤਹਿਸੀਲਦਾਰ ਵੀ ਹਾਜ਼ਰ ਸਨ।
ਐਸ.ਡੀ.ਐਮ ਅੰਕੁਰ ਮਹਿੰਦਰੂ ਸਰਕਾਰੀ ਗਊਸ਼ਾਲਾ ਝਨੇੜੀ ਦਾ ਜਾਇਜ਼ਾ ਲੈਂਦੇ ਹੋਏ।