ਅਣਮਿੱਥੇ ਸਮੇਂ ਲਈ ਅੈਸਡੀਅੈਮ ਦਫ਼ਤਰ ਅੱਗੇ ਲਾਇਆ ਧਰਨਾ
ਆਦਰਸ਼ ਸਕੂਲ ਦੇ ਅਧਿਆਪਕ ਤੇ ਬੱਚਿਆਂ ਦੇ ਮਾਪੇ ਧਰਨੇ ਬੈਠੇ 'ਤੇ

ਭਵਾਨੀਗੜ, 24 ਜੂਨ (ਗੁਰਵਿੰਦਰ ਸਿੰਘ)- ਆਦਰਸ਼ ਸਕੂਲ ਬਾਲਦ ਖੁਰਦ ਦੀ ਮੈਨੇਜਮੈਂਟ ਵੱਲੋਂ ਅਧਿਆਪਕਾਂ ਨਾਲ ਕੀਤੀਆਂ ਜਾ ਰਹੀਆਂ ਮਨਮਾਨੀਆਂ ਦੇ ਖਿਲਾਫ ਸੰਘਰਸ਼ ਦੇ ਕੀਤੇ ਅੈਲਾਣ ਦੇ ਤਹਿਤ ਸਕੂਲ ਸਟਾਫ ਤੇ ਵਿਦਿਆਰਥੀਆਂ ਦੇ ਮਾਪੇ ਅੱਜ ਅੈਸਡੀਅੈਮ ਦਫ਼ਤਰ ਭਵਾਨੀਗੜ ਵਿਖੇ ਅਣਮਿੱਥੇ ਸਮੇਂ ਲਈ ਧਰਨੇ 'ਤੇ ਬੈਠ ਗਏ। ਪ੍ਰਦਰਸ਼ਨਕਾਰੀ ਅਧਿਆਪਕਾਂ ਤੇ ਮਾਪਿਆਂ ਨੇ ਸਕੂਲ ਮੈਨੇਜਮੈਂਟ ਦੇ ਅੜੀਅਲ ਰਵੱਈਏ ਅਤੇ ਭਰੋਸੇ ਤੋਂ ਬਾਅਦ ਵੀ ਪ੍ਰਸ਼ਾਸਨ ਵੱਲੋਂ ਕੋਈ ਗੰਭੀਰਤਾ ਨਾ ਦਿਖਾਉਣ ਦੇ ਰੋਸ ਵੱਜੋਂ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਹਾਜਰ ਅਧਿਆਪਕ ਆਗੂਆਂ ਨੇ ਕਿਹਾ ਕਿ ਸਕੂਲ ਮੈਨੇਜਮੈਂਟ ਕੰਪਨੀ ਦੀਆਂ ਅਾਪਹੁਦਰੀਆਂ ਕਾਰਨ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਭਵਿਖ ਦਾਅ 'ਤੇ ਲੱਗਿਆ ਹੋਇਆ ਹੈ। ਜਿਸ ਖਿਲਾਫ਼ ਪਿਛਲੇ ਦਿਨੀਂ ਮਰਨ ਵਰਤ ਸ਼ੁਰੂ ਕੀਤਾ ਗਿਆ ਸੀ ਤੇ ਪ੍ਰਸ਼ਾਸਨ ਵੱਲੋਂ ਐਸਡੀਐਮ ਭਵਾਨੀਗੜ੍ਹ ਨੇ ਅਧਿਆਪਕਾਂ ਤੇ ਮਾਪਿਆਂ ਨੂੰ ਲਿਖਤੀ ਭਰੋਸਾ ਦਿੱਤਾ ਸੀ ਕਿ ਸਬੰਧਤ ਕੰਪਨੀ ਦੇ ਸਕੂਲ ਪ੍ਰਬੰਧਾਂ ਦੀ ਨਿਰਪੱਖ ਜਾਂਚ ਕਰਵਾਈ ਜਾਵੇਗੀ ਅਤੇ ਜਾਂਚ ਦੇ ਦੌਰਾਨ ਸਬੰਧਤ ਮੈਨੇਜਮੈਂਟ ਅਪਣੇ ਪੱਧਰ 'ਤੇ ਸਕੂਲ ਪ੍ਰਤੀ ਕੋਈ ਵੀ ਫ਼ੈਸਲਾ ਨਹੀਂ ਕਰੇਗੀ ਤੇ ਨਾਲ ਹੀ ਭਰੋਸਾ ਦਿਵਾਇਆ ਗਿਆ ਸੀ ਕਿ ਅਧਿਆਪਕਾਂ ਦੀਆਂ ਰਹਿੰਦੀਆਂ ਤਨਖ਼ਾਹਾਂ ਜਲਦ ਹੀ ਰਿਲੀਜ਼ ਕਰਵਾ ਦਿੱਤੀਆਂ ਜਾਣਗੀਆਂ ਅਧਿਆਪਕਾਂ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਦੇ ਦਖਲ ਤੋਂ ਬਾਅਦ ਵੀ ਸਕੂਲ ਮੈਨੇਜਮੈੰਟ ਕਮੇਟੀ ਅਪਣੀ ਮਨਮਰਜੀਆਂ ਕਰਨ ਤੋਂ ਬਾਜ ਨਹੀ ਅਾ ਰਹੀ ਤੇ ਦੂਜੇ ਪਾਸੇ ਭਰੋਸੇ ਦਵਾਉਣ ਮਗਰੋਂ ਇੱਕ ਮਹੀਨਾ ਤੋਂ ਉਪਰ ਦਾ ਸਮਾਂ ਬੀਤ ਜਾਣ 'ਤੇ ਵੀ ਪ੍ਰਸ਼ਾਸਨ ਕਿਸੇ ਗੱਲ 'ਤੇ ਖਰਾ ਨਹੀਂ ਉਤਰ ਸਕਿਆ ਹੈ।ਅਧਿਆਪਕ ਆਗੂਆਂ ਨੇ ਦੱਸਿਆ ਕਿ ਕੁੱਝ ਦਿਨ ਅਧਿਆਪਕਾਂ ਤੇ ਬੱਚਿਆਂ ਦੇ ਮਾਪਿਆਂ ਵੱਲੋ ਅੈਸਡੀਅੈਮ ਦਫ਼ਤਰ ਵਿਖੇ ਸੰਕੇਤਕ ਧਰਨਾ ਦੇ ਕੇ ਮਸਲੇ ਦੇ ਹੱਲ ਲਈ ਪ੍ਰਸ਼ਾਸਨ ਨੂੰ 23 ਜੂਨ ਤੱਕ ਦਾ ਸਮਾਂ ਦਿੱਤਾ ਗਿਆ ਸੀ ਤੇ ਉਸ ਉਪਰੰਤ ਅਪਣੇ ਸੰਘਰਸ਼ ਨੂੰ ਤਿਖਾ ਕਰਨ ਦੇ ਤਹਿਤ ਅੈਸਡੀਅੈਮ ਦਫ਼ਤਰ ਵਿਖੇ ਅਣਮਿੱਥੇ ਲਈ ਧਰਨਾ ਲਗਾਉਂਣ ਦਾ ਅੈਲਾਣ ਕੀਤਾ ਗਿਆ ਸੀ ਤੇ ਅੱਜ ਤੋਂ ਸ਼ੁਰੂ ਹੋਇਆ ਉਨ੍ਹਾਂ ਦਾ ਇਹ ਸੰਘਰਸ਼ ਮੰਗਾਂ ਨਹੀਂ ਮੰਨੇ ਜਾਣ ਤੱਕ ਜਾਰੀ ਰਹੇਗਾ। ਇਸ ਮੌਕੇ ਹਰਭਜਨ ਹੈਪੀ, ਅਮਰਜੀਤ ਜੋਸ਼ੀ, ਰਸ਼ਪਾਲ ਸਿੰਘ,ਸਰਬਜੀਤ ਸਿੰਘ, ਸ਼ਰਨ ਕੌਰ, ਚਿਤਰੇਸ਼ ਬਾਂਸਲ, ਸਲੀਮ ਮੁਹੰਮਦ, ਭਗਵੰਤ ਸਿੰਘ,ਹਰਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਹਾਜਰ ਸਨ।
ਭਵਾਨੀਗੜ ਅੈਸਡੀਅੈਮ ਦਫ਼ਤਰ ਵਿਖੇ ਧਰਨਾ ਦਿੰਦੇ ਅਧਿਆਪਕ ਤੇ ਬੱਚਿਆਂ ਦੇ ਮਾਪੇ।