ਭਵਾਨੀਗੜ 25 ਜੂਨ (ਗੁਰਵਿੰਦਰ ਸਿੰਘ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਭਵਾਨੀਗੜ ਦੀ ਇੱਕ ਅਹਿਮ ਮੀਟਿੰਗ ਆਗਿਆਪਾਲ ਸਿੰਘ ਦੀ ਪ੍ਧਾਨਗੀ ਹੇਠ ਹੋਈ। ਜਿਸ ਵਿਚ ਐਸੋਸੀਏਸ਼ਨ ਨੇ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਅਪਣੀਆਂ ਹੱਕੀ ਮੰਗਾਂ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਸੂਬਾ ਕਮੇਟੀ ਦੇ ਸੱਦੇ 'ਤੇ ਪੰਜਾਬ ਭਰ 'ਚ ਜ਼ਿਲ੍ਹਾ ਹੈੱਡ ਕੁਆਰਟਰਾਂ ਤੇ ਕੀਤੇ ਜਾ ਰਹੇ ਅਰਥੀ ਫ਼ੂਕ ਮੁਜ਼ਾਹਰਿਆਂ ਦੀ ਲੜੀ ਤਹਿਤ 27 ਜੂਨ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਅੱਗੇ ਪੰਜਾਬ ਸਰਕਾਰ ਵਿਰੁੱਧ ਅਰਥੀ ਫ਼ੂਕ ਮੁਜ਼ਾਹਰਾ ਕਰਨ ਦਾ ਫ਼ੈਸਲਾ ਕੀਤਾ ਗਿਆ।ਇਸ ਮੌਕੇ ਸੂਬਾ ਮੀਤ ਪ੍ਧਾਨ ਧਰਮਪਾਲ ਸਿੰਘ ਨੇ ਦੱਸਿਆ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਮੈਡੀਕਲ ਪ੍ਰੈਕਟੀਸ਼ਨਰਾਂ ਨਾਲ ਬਹੁਤ ਲੰਮੇ ਚੌੜੇ ਵਾਅਦੇ ਕੀਤੇ ਜੋ ਕਦੇ ਵੀ ਵਫ਼ਾ ਨਹੀਂ ਹੋਏ। ਸਰਕਾਰਾਂ ਨੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਹਮੇਸ਼ਾ ਝੂਠੇ ਲਾਰਿਆਂ ਵਿੱਚ ਰੱਖਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੀ ਕਾਂਗਰਸ ਸਰਕਾਰ ਨੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਪੰਜਾਬ ਵਿੱਚ ਮਾਈਗ੍ਰੇਟ ਕਰਕੇ ਪ੍ਰੈਕਟਿਸ ਕਰਨ ਦਾ ਅਧਿਕਾਰ ਦੇਣ ਦਾ ਵਾਅਦਾ ਕੀਤਾ ਸੀ ਜੋ ਸਰਕਾਰ ਨੇ ਅਜੇ ਤੱਕ ਪੂਰਾ ਨਹੀਂ ਕੀਤਾ। ਇਸ ਤੋਂ ਇਲਾਵਾ ਨੇ ਕੇਂਦਰ ਸਰਕਾਰ ਵੱਲੋਂ ਕਲੀਨਿਕਾਂ ਬਾਰੇ ਸਥਾਪਤੀ ਬਿਲ ਲਿਆਉਣ ਦਾ ਵਿਰੋਧ ਕਰਦਿਆਂ ਐਸੋਸੀਏਸ਼ਨ ਦੇ ਅਾਗੂਆਂ ਨੇ ਕਿਹਾ ਕਿ ਇਹ ਬਿਲ ਜਿੱਥੇ ਮੈਡੀਕਲ ਸੇਵਾਵਾਂ ਨੂੰ ਤਹਿਸ ਨਹਿਸ ਕਰ ਦੇਵੇਗਾ ਉਥੇ ਹੀ ਸਰਕਾਰ ਇਸ ਮਸਲੇ ਤੇ ਵੱਡੇ ਸ਼ਾਹੂਕਾਰਾਂ ਦਾ ਪੱਖ ਪੂਰ ਕਰਕੇ ਨਾ ਮਾਤਰ ਰੇਟਾਂ ਤੇ ਪਿੰਡਾਂ 'ਚ ਕੰਮ ਕਰਨ ਵਾਲੇ ਡਾਕਟਰਾਂ ਦਾ ਉਜਾੜਾ ਕਰਨ ਤੇ ਤੁਲੀ ਹੈ। ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਤੇਜਪਾਲ ਸਿੰਘ, ਗੁਰਪਿਆਰ ਸਿੰਘ, ਮਲੂਕ ਚੰਦ ,ਬਲਵੰਤ ਸਿੰਘ, ਗੁਰਜੰਟ ਸਿੰਘ ਗਿੱਲ, ਰਣਜੀਤ ਸਿੰਘ ,ਕੇਵਲ ਸਿੰਘ ,ਦਿਲਸ਼ਾਦ ਅਲੀ ,ਧਰਮਵੀਰ ਸਿੰਘ ,ਜੀਵਨ ਸਿੰਘ ,ਪ੍ਰਗਟ ਸਿੰਘ, ਬਿੱਕਰ ਸਿੰਘ ਸਮੇਤ ਬਲਾਕ ਦੇ ਮੈਡੀਕਲ ਪ੍ਰੈਕਟੀਸ਼ਨਰਜ਼ ਹਾਜ਼ਰ ਰਹੇ।
ਮੀਟਿੰਗ ਦੌਰਾਨ ਹਾਜਰ ਮੈਡੀਕਲ ਪ੍ਰੈਕਟੀਸ਼ਨਰਜ਼।