ਕੁੱਟਮਾਰ ਅਤੇ ਜਾਤੀ ਸੂਚਕ ਸ਼ਬਦਾਵਲੀ ਸਬੰਧੀ ਮਾਮਲਾ ਦਰਜ
ਔਰਤ ਦੀ ਸ਼ਿਕਾਇਤ 'ਤੇ ਸ਼ਿਵ ਸੈਨਾ ਹਿੰਦ ਦੀ ਮਹਿਲਾ ਪ੍ਧਾਨ ਸਮੇਤ ਤਿੰਨ ਗ੍ਰਿਫ਼ਤਾਰ

ਐੱਸ ਏ ਐੱਸ ਨਗਰ {ਗੁਰਵਿੰਦਰ ਸਿੰਘ ਮੋਹਾਲੀ} ਡੇਰਾਬੱਸੀ ਪੁਲਿਸ ਨੇ ਇਕ ਔਰਤ ਦੀ ਸ਼ਿਕਾਇਤ 'ਤੇ ਸ਼ਿਵ ਸੈਨਾ ਹਿੰਦ ਪੰਜਾਬ ਦੀ ਮਹਿਲਾ ਪ੍ਧਾਨ ਸਮੇਤ ਤਿੰਨ ਜਣਿਆਂ ਨੂੰ ਕੁੱਟਮਾਰ ਕਰਨ ਅਤੇ ਜਾਤੀ ਸੂਚਕ ਸ਼ਬਦਾਵਲੀ ਸਬੰਧੀ ਸੈਕਸ਼ਨ 3 ਐੱਸਸੀਐੱਸਟੀ ਐਕਟ 1989 ਤਹਿਤ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਬਾਅਦ ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ 24 ਦਿਨਾਂ ਲਈ ਨਿਆਇਕ ਹਿਰਾਸਤ 'ਚ ਜੇਲ ਭੇਜ ਦਿੱਤਾ ਹੈ। ਜਾਣਕਾਰੀ ਮੁਤਾਬਕ ਸ਼ਿਕਾਇਤਕਰਤਾ ਜਿਓਤੀ ਪਤਨੀ ਰਾਕੇਸ਼ ਕੁਮਾਰ ਵਾਸੀ ਮਿੱਤਰ ਟਾਊਨ ਡੇਰਾਬਸੀ ਨੇ ਦੱਸਿਆ ਕਿ ਉਸ ਦੀ ਸੱਸ ਸੁਨੀਤਾ ਪਤੀ ਰਾਕੇਸ਼ ਕੁਮਾਰ ਲਾਡੀ ਆਸ਼ਾ ਕਾਲੀਆ ਅਤੇ ਮਮਤਾ ਨੂੰ ਥਾਣੇ ਬੁਲਾਇਆ ਹੋਇਆ ਸੀ। ਜੋਤੀ ਨੇ ਦੋਸ਼ ਲਾਇਆ ਕਿ ਆਸ਼ਾ ਕਾਲੀਆ ਨੇ ਉਸ ਦੀ ਸੱਸ ਨਾਲ ਮਾਰਕੁਟਾਈ ਕੀਤੀ ਤੇ ਜਾਤੀ ਸੂਚਕ ਸ਼ਬਦ ਬੋਲੇ। ਇਸ ਤੋਂ ਇਲਾਵਾ ਪੁਲਿਸ ਅਫ਼ਸਰਾਂ ਦੀ ਪਹੁੰਚ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਧਮਕਾਇਆ ਵੀ। ਸ਼ਿਕਾਇਤ ਵਿਚ ਇਹ ਵੀ ਦੋਸ਼ ਲਾਇਆ ਕਿ ਉਹ ਸ਼ਿਵ ਸੈਨਾ ਹਿੰਦ ਦੀ ਮਹਿਲਾ ਪ੍ਧਾਨ ਹੈ, ਇਸ ਲਈ ਉਹ ਉਸ ਦਾ ਕੁਝ ਨਹੀਂ ਵਿਗਾੜ ਸਕਦੇ। ਆਸ਼ਾ ਕਾਲੀਆ ਦੇ ਨਾਲ ਆਏ ਲਾਡੀ ਫਾਈਨੈਂਸਰ ਵਾਸੀ ਆਦਰਸ਼ ਨਗਰ ਅਤੇ ਮਮਤਾ ਵਾਸੀ ਮੋਰੀਵਾਲਾ ਗੁਆ ਡੇਰਾਬੱਸੀ ਨੇ ਵੀ ਵਾਲਮੀਕਿ ਮੁਹੱਲੇ ਦੇ ਮੋਹਤਬਰ ਅਮਰਚੰਦ ਅਤੇ ਪੁਲਿਸ ਅਫ਼ਸਰਾਂ ਦੀ ਹਾਜ਼ਰੀ 'ਚ ਜ਼ਲੀਲ ਕੀਤਾ ਅਤੇ ਜੂਠਾ ਪਾਣੀ ਦਾ ਗਿਲਾਸ ਉਸ ਦੇ ਅਤੇ ਉਸ ਦੀ ਸੱਸ ਉੱਤੇ ਸੁੱਟ ਦਿੱਤਾ। ਪੁਲਿਸ ਨੇ ਜਿਓਤੀ ਦੀ ਸ਼ਿਕਾਇਤ 'ਤੇ ਸ਼ਿਵ ਸੈਨਾ ਹਿੰਦ ਦੀ ਮਹਿਲਾ ਪ੍ਧਾਨ ਆਸ਼ਾ ਕਾਲੀਆ ਪਤਨੀ ਮਨਮੋਹਨ ਕਾਲੀਆ, ਲਾਡੀ ਫਾਇਨੈਂਸਰ ਅਤੇ ਮਮਤਾ ਡੇਰਾਬੱਸੀ ਖ਼ਿਲਾਫ਼ ਆਈਪੀਸੀ 323, 341, 506 ਅਤੇ ਐੱਸਸੀ ਐਕਟ ਸੈਕਸ਼ਨ 3 (1989) ਤਹਿਤ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ। ਤਫ਼ਤੀਸ਼ੀ ਅਫਸਰ ਸਬ ਇੰਸਪੈਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਸ਼ਿਵ ਸੈਨਾ ਹਿੰਦ ਮਹਿਲਾ ਪ੍ਧਾਨ ਆਸ਼ਾ ਕਾਲੀਆ ਸਮੇਤ ਉਕਤ ਤਿੰਨੋਂ ਜਾਣਿਆਂ ਨੂੰ ਡੇਰਾਬਸੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਦਿਨਾਂ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਲਈ ਜੇਲ ਭੇਜ ਦਿੱਤਾ ਹੈ।