ਐਸ.ਏ.ਐਸ. ਨਗਰ, 26 ਜੂਨ (ਗੁਰਵਿੰਦਰ ਸਿੰਘ ਮੋਹਾਲੀ} ਜਿਲਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਬਿਊਰੋ ਦੇ ਦਫ਼ਤਰ ਵਿਖੇ ਪਲੇਸਮੈਂਟ ਕੈਂਪ ਲਾਇਆ ਗਿਆ, ਜਿਸ ਵਿੱਚ 38 ਪ੍ਰਾਰਥੀਆਂ ਨੇ ਭਾਗ ਲਿਆ।ਜਿਲਾ ਰੁਜ਼ਗਾਰ ਅਫਸਰ ਸ੍ਰੀਮਤੀ ਹਰਪ੍ਰੀਤ ਕੌਰ ਬਰਾੜ ਨੇ ਪਲੇਸਮੈਂਟ ਕੈਂਪ ਵਿੱਚ ਪੁੱਜੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਘਰ ਘਰ ਰੁਜ਼ਗਾਰ ਯੋਜਨਾ ਦਾ ਮਨੋਰਥ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦਿਵਾ ਕੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣਾ ਹੈ, ਜਿਸ ਤਹਿਤ ਜਿਲਾ ਪੱਧਰ ’ਤੇ ਪਲੇਸਮੈਂਟ ਕੈਂਪ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪਲੇਸਮੈਂਟ ਕੈਂਪ ਉਦਯੋਗਪਤੀਆਂ ਅਤੇ ਬੇਰੋਜ਼ਗਾਰ ਨੌਜਵਾਨਾਂ ਵਿਚਾਲੇ ਕੜੀ ਦਾ ਕੰਮ ਕਰਦੇ ਹਨ। ਇਨ੍ਹਾਂ ਰਾਹੀਂ ਜਿੱਥੇ ਉਦਯੋਗਪਤੀਆਂ ਨੂੰ ਆਪਣੀ ਕੰਪਨੀ ਵਿੱਚ ਕੰਮ ਕਰਨ ਲਈ ਯੋਗ ਉਮੀਦਵਾਰ ਮਿਲ ਜਾਂਦੇ ਹਨ, ਉਥੇ ਬੇਰੁਜ਼ਗਾਰ ਨੌਜਵਾਨਾਂ ਨੂੰ ਆਪਣੀਆਂ ਪਸੰਦੀਦਾ ਕੰਪਨੀਆਂ ਵਿੱਚ ਕੰਮ ਕਰਨ ਦੇ ਮੌਕੇ ਮਿਲਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਦੇ ਇਸ ਪਲੇਸਮੈਂਟ ਕੈਂਪ ਵਿੱਚ ਯੁਰੇਕਾ ਫੋਰਬਜ਼ ਅਤੇ ਸ਼ਾਰਪ ਇੰਜਨੀਅਰਜ਼ ਵਰਗੀਆਂ ਨਾਮੀ ਕੰਪਨੀਆਂ ਨੇ ਭਾਗ ਲਿਆ, ਜਿਨ੍ਹਾਂ ਵੱਲੋਂ 24 ਪ੍ਰਾਰਥੀਆਂ ਦੀ ਰੁਜ਼ਗਾਰ ਲਈ ਚੋਣ ਕੀਤੀ ਗਈ। ਇਸ ਮੌਕੇ ਡਿਪਟੀ ਸੀ.ਈ.ਓ. ਮਨਜੇਸ਼ ਕੁਮਾਰ, ਪਲੇਸਮੈਂਟ ਅਫਸਰ ਇੰਦਰਜੀਤ ਸੈਣੀ ਅਤੇ ਕੌਂਸਲਰ ਨਬੀਹਾ ਖਾਨ ਸਮੇਤ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਦਾ ਸਮੁੱਚਾ ਸਟਾਫ ਮੌਜੂਦ ਸੀ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਸਬੰਧੀ ਬਿਊਰੋ ਦੇ ਮੋਬਾਇਲ ਨੰਬਰ 98151-62064 ਅਤੇ ਯੂ ਟਿਊਬ ਚੈਨਲ ਡੀਬੀਈਈ ਐਸਏਐਸ ਨਗਰ ਤੋਂ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
ਪਲੇਸਮੈਂਟ ਕੈਂਪ ਦੌਰਾਨ ਪ੍ਰਾਰਥੀਆਂ ਨੂੰ ਸੰਬੋਧਨ ਕਰਦੇ ਹੋਏ ਰੁਜ਼ਗਾਰ ਅਫਸਰ ਹਰਪ੍ਰੀਤ ਕੌਰ ਬਰਾੜ।