ਝੋਨੇ ਦੀ ਬਿਜਾਈ ਵੱਟਾਂ ’ਤੇ ਕਰਨ ਸਬੰਧੀ ਦਿੱਤੀ ਜਾਣਕਾਰੀ
ਐਸ.ਏ.ਐਸ. ਨਗਰ ਦੇ ਕਿਸਾਨਾਂ ਨੂੰ ਕਰਵਾਇਆ ਲੁਧਿਆਣਾ ਦੇ ਪਿੰਡ ਚਾਹਲਾਂ ਦਾ ਦੌਰਾ

ਐਸ.ਏ.ਐਸ. ਨਗਰ 26 ਜੂਨ (ਗੁਰਵਿੰਦਰ ਸਿੰਘ ਮੋਹਾਲੀ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਧੀਨ ਚੱਲ ਰਹੀ ਆਤਮਾ ਸਕੀਮ ਅਧੀਨ ਅਤੇ ਮੁੱਖ ਖੇਤੀਬਾੜੀ ਅਫਸਰ ਐਸ.ਏ.ਐਸ. ਨਗਰ ਡਾ. ਹਰਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲੇ੍ਹ ਦੇ ਲਗਪਗ 45 ਕਿਸਾਨਾਂ ਨੂੰ ਪਿੰਡ ਚਾਹਲਾਂ, ਬਲਾਕ ਸਮਰਾਲਾ, ਜ਼ਿਲ੍ਹਾ ਲੁਧਿਆਣਾ ਦਾ ਦੌਰਾ ਕਰਵਾਇਆ ਗਿਆ। ਇਨ੍ਹਾਂ ਕਿਸਾਨਾਂ ਨੂੰ ਪਿੰਡ ਚਾਹਲਾਂ ਦੇ ਕਿਸਾਨ ਰੁਪਿੰਦਰ ਸਿੰਘ ਦੇ ਖੇਤਾਂ ਵਿੱਚ ਵੱਟਾਂ/ਬੈੱਡ ਉਪਰ ਕੀਤੀ ਝੋਨੇ ਦੀ ਬਿਜਾਈ ਦਿਖਾਈ ਗਈ। ਇਸ ਦੌਰੇ ਦਾ ਮੁੱਖ ਮਕਸਦ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਦੇ ਘਟ ਰਹੇ ਪੱਧਰ ਸਬੰਧੀ ਜਾਗਰੂਕ ਕਰਨਾ ਅਤੇ ਬਿਨਾਂ ਕੱਦੂ ਕੀਤੇ ਝੋਨੇ ਦੀ ਬਿਜਾਈ ਲਈ ਪ੍ਰੇਰਿਤ ਕਰਨਾ ਸੀ। ਇਸ ਦੌਰਾਨ ਮੌਕੇ ’ਤੇ ਹਾਜ਼ਰ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਸ੍ਰੀ ਰੁਪਿੰਦਰ ਸਿੰਘ ਵੱਲੋਂ 4.5 ਏਕੜ ਵਿੱਚ ਝੋਨੇ ਦੀ ਬਿਜਾਈ ਵੱਟਾਂ/ਬੈੱਡ ਉਪਰ ਕੀਤੀ ਗਈ ਸੀ ਅਤੇ ਝੋਨੇ ਦੀ ਕਿਸਮ ਪੀ.ਆਰ.121 ਦਾ ਝਾੜ 36 ਕੁਇੰਟਲ 86 ਕਿਲੋ ਅਤੇ ਪੂਸਾ-44 ਦਾ ਝਾੜ 36 ਕੁਇੰਟਲ 25 ਕਿਲੋ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਤਕਨੀਕ ਨਾਲ ਬੀਜੇ ਝੋਨੇ ਨਾਲ ਪਾਣੀ ਦੀ ਵੀ ਬਹੁਤ ਬੱਚਤ ਹੁੰਦੀ ਹੈ। ਜ਼ਿਲ੍ਹੇ ਵਿੱਚੋਂ ਗਏ ਕਿਸਾਨਾਂ ਨੇ ਇਸ ਤਕਨੀਕ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਹਾਸਲ ਕੀਤੀ ਅਤੇ ਇਸ ਨੂੰ ਆਪਣੇ ਖੇਤਾਂ ਵਿੱਚ ਅਪਨਾਉਣ ਲਈ ਸਹਿਮਤੀ ਵੀ ਪ੍ਗਟਾਈ। ਬਲਾਕ ਪੱਧਰ ਤੋਂ ਗਏ ਕਿਸਾਨਾਂ ਦੀ ਅਗਵਾਈ ਜਗਦੀਪ ਸਿੰਘ ਬੀ.ਟੀ.ਐਮ. ਖਰੜ, ਗੁਰਪ੍ਰੀਤ ਸਿੰਘ ਬੀ.ਟੀ.ਐਮ. ਕੁਰਾਲੀ, ਪੁਨੀਤ ਗੁਪਤਾ ਬੀ.ਟੀ.ਐਮ. ਡੇਰਾਬਸੀ ਅਤੇ ਹਰਚੰਦ ਸਿੰਘ ਖੇਤੀਬਾੜੀ ਉਪ ਨਿਰੀਖਕ ਨੇ ਕੀਤੀ।
ਝੋਨੇ ਦੀ ਬਿਜਾਈ ਕਰਨ ਸਬੰਧੀ ਜਾਣਕਾਰੀ ਦੇਣ ਲਈ ਕਰਵਾਏ ਗਏ ਰਾਜ ਪੱਧਰੀ ਦੌਰੇ ਤੇ ਕਿਸਾਨ।